ਸੁਭਾਸ਼ ਚੰਦਰ
ਸਮਾਣਾ, 21 ਮਈ
ਸਮਾਣਾ-ਪਟਿਆਲਾ ਸੜਕ ’ਤੇ ਟੌਲ ਪਲਾਜ਼ਾ ਨੇੜੇ ਲੱਗੇ ਦਰੱਖਤਾਂ ਨੂੰ ਦੁਪਹਿਰ ਸਮੇਂ ਅੱਗ ਲੱਗ ਜਾਣ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਵਾਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆਪਣੇ ਸਾਇਰਨ ਵਜਾ ਕੇ ਅਤੇ ਮੁਲਾਜ਼ਮ ਸੜਕ ਕਿਨਾਰੇ ਖੜ੍ਹਾ ਕੇ ਵਾਹਨਾਂ ਨੂੰ ਹੌਲੀ-ਹੌਲੀ ਲੰਘਾਇਆ। ਜਦੋਂ ਤੱਕ ਫਾਇਰ ਬ੍ਰਿਗੇਡ ਦੇ ਦਸਤਿਆਂ ਨੇ ਅੱਗ ’ਤੇ ਕਾਬੂ ਪਾਇਆ, ਉਸ ਸਮੇਂ ਤਕ ਸੜਕ ਕਿਨਾਰੇ ਖੜ੍ਹੇ ਝਾੜ ਫੂਸ ਨੂੰ ਅੱਗ ਐਨੀ ਜ਼ਿਆਦਾ ਲੱਗ ਚੁੱਕੀ ਸੀ ਕਿ ਸੜਕ ਕਿਨਾਰੇ ਖੜ੍ਹੇ ਦਰੱਖਤ ਵੀ ਝੁਲਸ ਗਏ। ਇਸ ਮੌਕੇ ਫਾਇਰ ਬ੍ਰਿਗੇਡ ਅਫ਼ਸਰ ਲਵ ਕੁਸ਼ ਨੇ ਦੱਸਿਆ ਕਿ ਦੁਪਹਿਰ ਸਮੇਂ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਤੁਰੰਤ ਉਹ ਆਪਣੇ ਦਸਤਿਆਂ ਸਮੇਤ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਕਈ ਪਾਣੀ ਦੀਆਂ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।