ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਪੀਆਰਟੀਸੀ ਪੈਨਸ਼ਨਰਾਂ ਦੀ ਮੀਟਿੰਗ ਐੈਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ। ਬੁਲਾਰਿਆਂ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਅੜੀਅਲ ਵਤੀਰਾ ਅਪਣਾਉਣ ਸਬੰਧੀ ਕੇਂਦਰ ਸਰਕਾਰ ਅਤੇ ਛੇਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਚ ਸੋਧ ਦੇ ਮਾਮਲੇ ’ਤੇ ਟਾਲ-ਮਟੋਲ ਦੀ ਨੀਤੀ ਅਪਣਾਉਣ ’ਤੇ ਪੰਜਾਬ ਸਰਕਾਰ ਨੂੰ ਕਰੜੇ ਹੱੱਥੀਂ ਲਿਆ।
ਇਸੇ ਤਰ੍ਹਾਂ ਅਦਾਰੇ ਵੱਲ ਰਹਿੰਦੇ ਬਕਾਏ (ਜਿਵੇਂ 1999 ਤੋਂ ਰਹਿੰਦੇ ਬਕਾਇਆਂ, ਪੇਅ ਗਰੇਡ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਆਦਿ) ਦੇਣ ਦੀ ਮੰਗ ਵੀ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਜਰਨਲ ਹਰੀ ਸਿੰਘ ਚਮਕ ਨੇ ਕਿਹਾ ਕਿਸਾਨੀ ਘੋਲ ਵਿੱਚ ਪੰਜਾਬ ਦੇ ਸੈਂਕੜੇ ਕਿਸਾਨ ਹੱਕਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਕੋਈ ਪਰਵਾਹ ਨਹੀਂ ਕਰ ਰਹੀ। ਸ੍ਰੀ ਚਮਕ ਨੇ ਸਮੁੱਚੇ ਵਰਗਾਂ ਨੂੰ ਕਿਸਾਨਾਂ ਦੇ ਨਾਲ ਖੜ੍ਹਨ ਲਈ ਪ੍ਰੇਰਿਆ।
ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿ ਕੇਂਦਰ ਸਰਕਾਰ ਮੁੜ ਦੇਸ਼ ਨੂੰ ਗ਼ੁਲਾਮ ਬਣਾਉਣਾ ਚਾਹੁੰਦੀ ਹੈ। ਕਾਂਗਰਸ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕਿਸਾਨ ਮਾਰੂ ਨੀਤੀਆਂ ਨੂੰ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੇ ਲਾਗੂ ਕਰ ਕੇ ਦੇਸ਼ ਦੇ ਹਰ ਵਰਗ ਦੀ ਸੰਘੀ ਘੁੱਟੀ ਹੈ। ਇਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਬਹਾਨੇ ਦੇਸ਼ ’ਤੇ ਕਬਜ਼ਾ ਕਰ ਕੇ ਭਾਰਤ ਨੂੰ ਗ਼ੁਲਾਮ ਬਣਾ ਲਿਆ ਸੀ। ਉਸ ਹੀ ਤਰ੍ਹਾਂ ਮੋਦੀ ਸਰਕਾਰ, ਅਡਾਨੀ, ਅੰਬਾਨੀਆਂ ਨੂੰ ਦੇਸ਼ ਵੇਚ ਕੇ ਲੋਕਾਂ ਨੂੰ ਉਨ੍ਹਾਂ ਦਾ ਗ਼ੁਲਾਮ ਬਣਾਉਣ ਦੇ ਰਾਹ ਚੱਲ ਰਹੀ ਹੈ। ਪੰਜਾਬ ਸਰਕਾਰ ਵੀ ਇਸ ਪੱਖੋਂ ਸੁਰਖਰੂ ਨਹੀਂ ਹੋ ਸਕਦੀ ਕਿਉਂਕਿ ਇਹ ਵੀ ਕੇਂਦਰ ਦੇ ਏਜੰਡਿਆਂ ’ਤੇ ਹੀ ਚੱਲ ਰਹੀ ਹੈ। ਜਥੇਬੰਦੀ ਦੇ ਚੇਅਰਮੈਨ ਮੁਕੰਦ ਸਿੰਘ ਨੇ ਵੀ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਦੋਵਾਂ ਹਕੂਮਤਾਂ ਦੀ ਆਲੋਚਨਾ ਕੀਤੀ।
ਇਸ ਮੌਕੇ ਦੋਵਾਂ ਹੀ ਸਰਕਾਰਾਂ ਦਾ ਖੂਬ ਪਿੱਟ ਸਿਆਪਾ ਕੀਤਾ ਗਿਆ। ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਉਨ੍ਹਾਂ ਦਾ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਜਲੌਰ ਸਿੰਘ, ਕਰਨੈਲ ਸਿੰਘ, ਬਚਿੱਤਰ ਸਿੰਘ ਲੁਧਿਆਣਾ, ਕੁਲਵਿੰਦਰ ਸਿੰਘ ਬਰਨਾਲਾ, ਗਿਆਨ ਚੰਦ ਬੁਢਲਾਡਾ, ਪ੍ਰੀਤਮ ਸਿੰਘ ਬਰਾੜ, ਤਰਸੇਮ ਸਿੰਘ, ਗੁਰਮੀਤ ਸਿੰਘ ਕਪੂਰਥਲਾ, ਭਜਨ ਸਿੰਘ ਚੰਡੀਗੜ੍ਹ, ਜੋਗਿੰਦਰ ਸਿੰਘ, ਸ਼ਿਵ ਕੁਮਾਰ ਪਟਿਆਲਾ, ਉਪਕਾਰ ਸਿੰਘ ਸੰਗਰੂਰ ਅਤੇ ਬਚਨ ਸਿੰਘ ਅਰੋੜਾ ਨੇ ਵੀ ਸੰਬੋਧਨ ਕੀਤਾ।