ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 9 ਨਵੰਬਰ
ਪੀ.ਐੱਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਅਤੇ ਪਾਵਰ ਮੈਨੇਜਮੈਂਟ ਦੇ ਨੁਮਾਇੰਦਿਆਂ ਦਰਮਿਆਨ ਹੋਈ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਵਿੱਚ ਮੈਨੇਜਮੈਂਟ ਵੱਲੋਂ ਵੇਨੂੰ ਪ੍ਰਸਾਦ, ਸੀ.ਐੱਮ.ਡੀ., ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜਨੀਅਰ ਕੁਲਜੀਤ ਸਿੰਘ ਭਾਟੀਆ ਉਪ ਮੁੱਖ ਇੰਜਨੀਅਰ ਪ੍ਰਸੋਨਲ, ਬੀ.ਐੱਸ. ਗੁਰਮ ਉਪ ਸਕੱਤਰ ਆਈ.ਆਰ. ਅਤੇ ਜੁਆਇੰਟ ਫੋਰਮ ਵੱਲੋਂ ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਜਗਜੀਤ ਸਿੰਘ, ਕੌਰ ਸਿੰਘ ਸੋਹੀ ਅਤੇ ਰਾਮ ਲੁਭਾਇਆ ਸ਼ਾਮਲ ਹੋਏ।
ਮੈਨੇਜਮੈਂਟ ਨੇ ਮੰਨੀਆਂ ਮੰਗਾਂ ਜਲਦੀ ਲਾਗੂ ਕਰਨ, ਮੁਲਾਜ਼ਮਾਂ ਦੀਆਂ ਬਣਦੀਆਂ ਤਰੱਕੀਆਂ ਕਰਨ, ਪੰਜਾਬ ਸਰਕਾਰ ਅਤੇ ਨਿਗਮ ਪੱਧਰ ’ਤੇ ਜਥੇਬੰਦੀ ਨਾਲ ਮੀਟਿੰਗਾਂ ਕਰ ਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਇਸ ਨੂੰ ਵਿਚਾਰਦਿਆਂ ਜੁਆਇੰਟ ਫੋਰਮ ਨੇ ਮੁੱਖ ਦਫ਼ਤਰ ਪਟਿਆਲਾ ਦੇ ਤਿੰਨਾਂ ਗੇਟਾਂ ਤੋਂ ਭਲਕੇ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਇਹ ਰੋਸ ਪ੍ਰਦਰਸ਼ਨ ਮੰਨੀਆਂ ਮੰਗਾਂ ਲਾਗੂ ਨਾ ਕਰਨ ’ਤੇ 18 ਨਵੰਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ।