ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਸਤੰਬਰ
ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਰੂਪ ’ਚ ਮਨਾਏ ਜਾਣ ਦੌਰਾਨ ਇੰਡੋ ਤਿੱਬਤ ਬਾਰਡਰ ਪੁਲੀਸ ਦੀ 26ਵੀਂ ਬਟਾਲੀਅਨ ਦੇ ਹਿੰਮ ਵੀਰ ਜਵਾਨਾਂ ਦੀ ਸਾਈਕਲ ਰੈਲੀ ਕੌਮੀ ਏਕਤਾ, ਸਦਭਾਵਨਾ ਤੇ ਦੇਸ਼ ਭਗਤੀ ਦਾ ਸੁਨੇਹਾ ਲੈ ਕੇ ਪਾਤੜਾਂ ਪੁੱਜੀ। ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਸਥਾਨਕ ਵਸਨੀਕਾਂ ਵੱਲੋਂ ਰੈਲੀ ਦਾ ਸਵਾਗਤ ਕੀਤਾ ਗਿਆ।
ਰੈਲੀ ਦੇ ਮੁੱਖ ਪ੍ਰਬੰਧਕ ਤੇ ਆਈ.ਟੀ.ਬੀ.ਪੀ ਦੀ 26ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਕੁਮਾਰ ਚੰਦਰ ਭਾਨੂ ਪ੍ਰਕਾਸ਼ ਨੇ ਦੱਸਿਆ ਕਿ ਆਈਟੀਬੀਪੀ ਨਾਰਥ-ਵੈਸਟ ਫਰੰਟੀਅਰ ਦੇ ਹਿੰਮ ਵੀਰ ਜਵਾਨਾਂ ਨੇ ਲੇਹ ਗੋਗਰਾ (ਚੀਨ ਸਰਹੱਦ) ਤੋਂ ਇਹ ਸਾਇਕਲ ਰੈਲੀ ਸ਼ੁਰੂ ਕੀਤੀ ਅਤੇ ਕਰੀਬ 2700 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ 27 ਅਕਤੂਬਰ ਨੂੰ ਗੁਜਰਾਤ ਕੇਵੜੀਆ ਪੁੱਜਣਗੇ। ਉਨ੍ਹਾਂ ਦੱਸਿਆ ਕਿ ਸਾਰੇ ਰਸਤੇ ਸੁਤੰਤਰਤਾ ਸੈਨਾਨੀਆਂ ਦੇ ਘਰਾਂ ਦੇ ਦਰਸ਼ਨ ਕਰਕੇ ਜਾਂਦੇ ਹੋਏ ਉਹ 560 ਕਿਲੋਮੀਟਰ ਦਾ ਰਸਤਾ ਤੈਅ ਕਰਕੇ 2 ਅਕਤੂਬਰ ਨੂੰ ਦਿੱਲੀ ਸਥਿਤ ਰਾਜਘਾਟ ਪੁੱਜਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਦੇਸ਼ ਭਗਤੀ ਨਾਲ ਭਰਿਆ ਹੋਇਆ ਹੈ ਅਤੇ ਉਹ ਜਿੱਥੇ ਵੀ ਗਏ ਹਨ, ਲੋਕਾਂ ਨੇ ਭਰਪੂਰ ਸਵਾਗਤ ਕਰਕੇ ਮਹਿਮਾਨ ਨਿਵਾਜ਼ੀ ਕੀਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਤੇ ਇਸ ਨੂੰ ਕਾਇਮ ਰੱਖਣ ਲਈ ਬਹੁਤ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ। ਰੈਲੀ ਵਿੱਚ ਸ਼ਾਮਲ 23 ਸਾਈਕਲ ਚਾਲਕਾਂ ਦੀ ਅਗਵਾਈ ਕਰ ਰਹੇ ਸਾਇਕਲਿਸਟ ਸਹਾਇਕ ਕਮਾਂਡੈਂਟ ਅਧੀਸ਼ ਗੁਪਤਾ ਨੇ ਸਵੱਛ ਭਾਰਤ, ਫਿਟ ਇੰਡੀਆ, ਬੂਟੇ ਲਗਾਉਣ ਦੀ ਮੁਹਿੰਮ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ। ਐਸਡੀਐਮ ਪਾਤੜਾਂ ਅੰਕੁਰਦੀਪ ਸਿੰਘ ਨੇ ਸਾਈਕਲ ਰੈਲੀ ਦਾ ਸਵਾਗਤ ਕੀਤਾ।