ਸਰਬਜੀਤ ਸਿਘ ਭੰਗੂ
ਪਟਿਆਲਾ, 24 ਦਸੰਬਰ
ਸੀਵਰੇਜ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ ਨੌਂ ਕਰੋੜ ਦੀ ਲਾਗਤ ਨਾਲ਼ ਖਰੀਦੀਆਂ ਗਈਆਂ ਛੇ ‘ਸੁਪਰ ਸਕਸ਼ਨ’ ਮਸ਼ੀਨਾਂ ਵਿੱਚੋਂ ਡੇਢ ਕਰੋੜ ਰੁਪਏ ਦੀ ਲਾਗਤ ਵਾਲ਼ੀ ਇੱੱਕ ਮਸ਼ੀਨ ਸ਼ਾਹੀ ਸ਼ਹਿਰ ਪਟਿਆਲਾ ਲਈ ਭੇਜੀ ਗਈ ਹੈ ਪਰ ਇਸ ਮਸ਼ੀਨ ਦੇ ਉਦਘਾਟਨ ਲਈ ਰੇੜਕਾ ਪੈਦਾ ਹੋ ਗਿਆ। ਕਿਉਂਕਿ ਸ਼ਹਿਰੀ ਵਿਕਾਸ ਦੀ ਤਰਜਮਾਨੀ ਕਰਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਮਸ਼ੀਨ ਨਗਰ ਨਿਗਮ ਦੇ ਸਥਾਨਕ ਅਧਿਕਾਰੀਆਂ ਨੂੰ ਸੌਂਪੇ ਜਾਣ ਦਾ ਪ੍ਰੋਗਰਾਮ ਸ਼ਾਮ ਦਾ ਰੱਖਿਆ ਸੀ। ਦੂਜੇ ਪਾਸੇ ਕੈਪਟਨ ਖੇਮੇ ਨਾਲ਼ ਸਬੰਧਤ ਮੇਅਰ ਸੰਜੀਵ ਬਿੱਟੂ ਨੇ ਵੀ ਇਸ ਮਸ਼ੀਨ ਦੇ ਉਦਘਾਟਨ ਸਬੰਧੀ ਮੌਕਾ ਹੱਥ ਵਿੱਚੋਂ ਨਹੀਂ ਜਾਣ ਦਿੱਤਾ।
ਮੇਅਰ ਨੇ ਮਸ਼ੀਨ ਨੂੰ ਕੰਮ ਲਈ ਰਵਾਨਾ ਕਰਨ ਦਾ ਦਾਅਵਾ ਕਰਦੀ ਵੀਡੀਓ ਵਾਇਰਲ ਕੀਤੀ। ਮਸ਼ੀਨ ਦੇ ਕੋਲ਼ ਖੜ੍ਹ ਕੇ ਬਣਾਈ ਗਈ ਵੀਡੀਓ ’ਚ ਉਨ੍ਹਾਂ ਨੇ ਇਸ ਮਸ਼ੀਨ ਦੇ ਪਾਏਦਾਰ ਹੋਣ ਸਬੰਧੀ ਜਾਣਕਾਰੀ ਦਿੱਤੀ। ਮੇਅਰ ਨੇ ਇਹ ਦਾਅਵਾ ਵੀ ਕੀਤਾ ਕਿ ਪਟਿਆਲਾਵੀਆਂ ਨੂੰ ਇਹ ਮਸ਼ੀਨ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਹਾਸਲ ਹੋਈ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਹੁੰਦਿਆਂ ਹੀ ਉਨ੍ਹਾਂ ਨੇ ਇਕ ਮਸ਼ੀਨ ਪਟਿਆਲਾ ਲਈ ਖਰੀਦਣ ਸਬੰਧੀ ਸਾਰੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਵਾਈ ਸੀ।
ਮੇਅਰ ਨੇ ਦੱਸਿਆ ਕਿ ਕੱਲ੍ਹ ਤੋਂ ਇਸ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਦਾ ਕੰਮ ਆਰੰਭ ਹੋ ਜਾਵੇਗਾ। ਸੀਵਰੇਜ ਲਾਈਨਾਂ ਦੀ ਵਰਤੋਂ ਲਈ ਪਹਿਲਾਂ 1650 ਤੋਂ 3200 ਰੁਪਏ ਪ੍ਰਤੀ ਮੀਟਰ ਖਰਚ ਕਰਨਾ ਪੈ ਰਿਹਾ ਸੀ, ਪਰ ਇਸ ਮਸ਼ੀਨ ਨਾਲ਼ ਹੁਣ ਦਸ ਤੋਂ ਬਾਰਾਂ ਫੀਸਦ ਬੱਚਤ ਹੋ ਸਕੇਗੀ।
ਭਾਵੇਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵੀ ਮਸ਼ੀਨ ਨੂੰ ਰਵਾਨਾ ਕੀਤੇ ਜਾਣ ਦਾ ਪ੍ਰੋਗਰਾਮ ਸੀ,ਪਰ ਮੇਅਰ ਵੱਲੋਂ ਪਹਿਲਾਂ ਹੀ ਅਜਿਹਾ ਕੀਤੇ ਜਾਣ ਦੇ ਚੱਲਦਿਆਂ ਬ੍ਰਹਮ ਮਹਿੰਦਰਾ ਨੇ ਅਜਿਹੇ ਵਿਵਾਦ ’ਚ ਪੈਣ ਤੋਂ ਗੁਰੇਜ਼ ਕੀਤਾ। ਬਲਕਿ ਉਨ੍ਹਾਂ ਨੇ ਇਸ ਮਸ਼ੀਨ ਨਾਲ਼ ਸਬੰਧਤ ਲੋੜੀਂਦੇ ਦਸਤਾਵੇਜ਼ ਨਿਗਮ ਵਿਚਲੇ ਸਮਾਗਮ ਦੌਰਾਨ ਹੀ ਨਿਗਮ ਦੇ ਅਧਿਕਾਰੀਆਂ ਨੂੰ ਸੌਂਪ ਕੇ ਮਸ਼ੀਨ ਨਾਲ਼ ਸਬੰਧਤ ਰਸਮ ਅਦਾ ਕੀਤੀ। ਜ਼ਿਕਰਯੋਗ ਹੈ ਕਿ ਮਹਿੰਦਰਾ ਸਥਾਨਕ ਵਿਧਾਇਕ ਹਨ ਤੇ ਸ਼ਹਿਰੀ ਵਿਕਾਸ ਦੀ ਤਰਜਮਾਨੀ ਕਰਦੇ ‘ਸਥਾਨਕ ਸਰਕਾਰਾਂ’ ਵਿਭਾਗ ਦੇ ਮੰਤਰੀ ਵੀ ਹਨ। ਇਸ ਕਾਰਨ ਨਗਰ ਨਿਗਮ ਨੂੰ ਮਸ਼ੀਨ ਜਾਂ ਇਸ ਦੇ ਦਸਤਾਵੇਜ਼ ਸੌਂਪਣ ਦਾ ਅਧਿਕਾਰ ਵੀ ਰੱਖਦੇ ਹਨ।
ਇਸ ਮੌਕੇ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਨੌਂ ਕਰੋੜ ਦੀ ਲਾਗਤ ਨਾਲ ਅਜਿਹੀਆਂ ਛੇ ਮਸ਼ੀਨਾਂ ਖਰੀਦੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਮਸ਼ੀਨ ਉਨ੍ਹਾਂ ਨੇ ਉਚੇਚੇ ਤੌਰ ’ਤੇ ਆਪਣੇ ਸ਼ਹਿਰ ਪਟਿਆਲਾ ਦੇ ਨਾਗਰਿਕਾਂ ਲਈ ਖਰੀਦੀ ਹੈ ਕਿਉਂਕਿ ਇਹ ਪੁਰਾਣਾ ਸ਼ਹਿਰ ਹੈ ਤੇ ਇਥੇ ਸੀਵਰੇਜ ਦੀ ਸਮੱਸਿਆ ਚਿਰਾਂ ਤੋਂ ਬਣੀ ਹੋਈ ਹੈ।
ਮਹਿੰਦਰਾ ਤੇ ਬਿੱਟੂ ਹੋ ਸਕਦੇ ਹਨ ਆਹਮੋ-ਸਾਹਮਣੇ
ਅੱਠ ਵਾਰ ਚੋਣ ਲੜ ਕੇ ਐਤਕੀ ਛੇਵੀਂ ਵਾਰ ਵਿਧਾਇਕ ਬਣੇ ਬ੍ਰਹਮ ਮਹਿੰਦਰਾ ਆਗਾਮੀ ਚੋਣ ਵੀ ਪੁਰਾਣੇ ਹਲਕੇ ਪਟਿਆਲਾ ਦਿਹਾਤੀ ਤੋਂ ਹੀ ਲੜਨਗੇ। ਉਂਜ ਐਤਕੀ ਚਰਚਾ ਉਨ੍ਹਾਂ ਦੇ ਫਰਜੰਦ ਮੋਹਿਤ ਮਹਿੰਦਰਾ ਵੱਲੋਂ ਚੋਣ ਲੜਨ ਦੀ ਵੀ ਹੈ। ਦੂਜੇ ਬੰਨੇ ਇਸੇ ਹਲਕੇ ਤੋਂ ਮੇਅਰ ਸੰਜੀਵ ਬਿੱਟੂ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਭਾਵੇਂ ਕਿ ਪੀਐਲਸੀ ਤੇ ਭਾਜਪਾ ’ਚ ਸੀਟਾਂ ਦੀ ਵੰਡ ਹੋਣੀ ਅਜੇ ਬਾਕੀ ਹੈ, ਪਰ ਬਿੱਟੂ ਵੱਲੋਂ ਇਸ ਹਲਕੇ ਤੋਂ ਚੋਣ ਲੜਨੀ ਤੈਅ ਹੀ ਸਮਝੀ ਜਾ ਰਹੀ ਹੈ। ਜਿਸ ਕਰਕੇ ਵੀ ਇਨ੍ਹਾਂ ਦੋਵਾਂ ਪਰਿਵਾਰਾਂ ’ਚ ਕਾਫ਼ੀ ਕੁੜੱਤਣ ਚੱਲੀ ਆ ਰਹੀ ਹੈ।