ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਦਹਾਕੇ ਦੌਰਾਨ 62 ਅਧਿਆਪਕਾਂ ਦੀ ਹੋਈ ਭਰਤੀ ’ਚ ਕਥਿਤ ਗੜਬੜੀਆਂ ਦਾ ਮਾਮਲਾ ਹੁਣ ਵਿਜੀਲੈਂਸ ਕੋਲ ਚਲਾ ਗਿਆ ਹੈ। ਵਿਜੀਲੈਂਸ ਬਿਓਰੋ ਨੇ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਹਿਤ ਯੂਨੀਵਰਸਿਟੀ ਦੇ ਉਸ ਵੇਲੇ ਦੇ ਸੱਤ ਅਧਿਕਾਰੀਆਂ ਨੂੰ ਵਿਜੀਲੈਂਸ ਦੇ ਮੁਹਾਲੀ ਸਥਿਤ ਦਫ਼ਤਰ ਪਹੁੰਚ ਕੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਯੂਨੀਵਰਸਿਟੀ ਵੱਲੋਂ ਸਾਲ 2009 ਤੋਂ 2016 ਤੱਕ ਵੱਖ-ਵੱਖ ਸਮਿਆਂ ’ਤੇ ਯੂਨੀਵਰਸਿਟੀ ਲਈ 62 ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਪਰ ਪ੍ਰਧਾਨ ਹਰਵਿੰਦਰ ਸੰਧੂ ਦੀ ਅਗਵਾਈ ਹੇਠ ਸੈਫੀ ਨਾਮੀਂ ਵਿਦਿਆਰਥੀ ਜਥੇਬੰਦੀ ਨੇ ਅਧਿਆਪਕਾਂ ਦੀ ਭਰਤੀ ’ਤੇ ਨਿਯਮਾਂ ਦਾ ਪਾਲਣ ਨਾ ਕਰਨ ਦੇ ਦੋਸ਼ ਲਾਉਂਦਿਆਂ ਉੱਚ ਪੱਧਰੀ ਜਾਂਚ ’ਤੇ ਜ਼ੋਰ ਦਿੱਤਾ ਜਾਂਦਾ ਸੀ। ਹੁਣ ਵਿਜੀਲੈਂਸ ਬਿਓਰੋ ਦੇ ਮੁਹਾਲੀ ਸਥਿਤ ਦਫ਼ਤਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਰਤਮਾਨ ਰਜਿਸਟਰਾਰ ਨੂੰ ਪੱਤਰ ਭੇਜ ਕੇ ਯੂਨੀਵਰਸਿਟੀ ਦੇ ਉਸ ਵੇਲ਼ੇ ਦੇ ਰਜਿਸਟਰਾਰ ਡਾ. ਏ.ਐੱਸ ਚਾਵਲਾ ਸਮੇਤ ਸੱਤ ਅਧਿਕਾਰੀਆਂ ਨੂੰ ਇਸ ਮਸਲੇ ’ਤੇ ਆਪਣੇ ਬਿਆਨ ਕਲਮਬੰਦ ਕਰਵਾਉਣ ਲਈ ਅਗਲੇ ਹਫ਼ਤੇ ਵਿਜੀਲੈਂਸ ਦੇ ਮੁਹਾਲੀ ਸਥਿਤ ਦਫ਼ਤਰ ਸੱੱਦਿਆ ਗਿਆ ਹੈ। ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਉਕਤ ਅਧਿਕਾਰੀਆਂ ਦੇ ਬਿਆਨ ਜ਼ਰੂਰੀ ਹਨ।