ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੁਲਾਈ
ਪੰਜਾਬ ਦੇ ਪਰਿਵਾਰ ਭਲਾਈ ਤੇ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਕਹਿਣਾ ਹੈ ਕਿ ਭਾਵੇਂ ਹੋਰਾਂ ਖੇਤਰਾਂ ਨੂੰ ਵੀ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ ਪਰ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਵਧੇਰੇ ਸੁਧਾਰ ਯਕੀਨੀ ਬਣਾਉਣਾ ‘ਆਪ’ ਸਰਕਾਰ ਦਾ ਮੁੱਖ ਏਜੰਡਾ ਹੈ। ਉਹ ਹਲਕਾ ਸਨੌਰ ਨਾਲ ਸਬੰਧਤ ‘ਆਪ’ ਦੇ ਬੀਸੀ ਵਿੰਗ ਦੇ ਸੂਬਾਈ ਪ੍ਰਧਾਨ ਰਣਜੋਧ ਸਿੰਘ ਹੜਾਣਾ ਦੇ ਗ੍ਰਹਿ ਵਿੱਚ ਗੱਲਬਾਤ ਕਰ ਰਹੇ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਦਾ ਮੁੱਖ ਮਨੋਰਥ ਸੇਵਾ ਭਾਵਨਾ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਯਕੀਨੀ ਬਣਾਉਣਾ ਹੈ। ਇਹ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ’ਚ 15 ਅਗਸਤ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਪੰਜਾਬ ਭਰ ’ਚ 75 ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਪਟਿਆਲਾ ਜ਼ਿਲ੍ਹੇ ’ਚ ਅਜਿਹੇ ਤਿੰਨ ਮੁਹੱਲਾ ਕਲੀਨਿਕ ਸਥਾਪਤ ਹੋਣਗੇ।
ਇਸੇ ਦੌਰਾਨ ਪਾਰਟੀ ਆਗੂ ਰਣਜੋਧ ਹੜਾਣਾ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ ਚੇਤਨ ਸਿੰਘ ਜੌੜੇਮਾਜਰਾ ਦਾ ਰਣਜੋਧ ਹੜਾਣਾ ਤੇ ਸਾਥੀਆਂ ਵੱਲੋਂ ਸਵਾਗਤ ਕੀਤਾ ਗਿਆ। ਹੜਾਣਾ ਦਾ ਕਹਿਣਾ ਸੀ ਕਿ ਪਹਿਲੇ ਮੰਤਰੀਆਂ ਦੇ ਤਾਂ ਲੋਕ ਦਰਸ਼ਨਾ ਨੂੰ ਵੀ ਤਰਸ ਜਾਂਦੇ ਸਨ ਪਰ ‘ਆਪ’ ਸਰਕਾਰ ਦੇ ਵਜ਼ੀਰ ਪਾਰਟੀ ਆਗੂਆਂ ਤੇ ਵਰਕਰਾਂ ਦੇ ਘਰ ਫੇਰੀਆਂ ਪਾ ਕੇ ਮਾਣ ਵਧਾ ਰਹੇ ਹਨ।