ਪੱਤਰ ਪ੍ਰੇਰਕ
ਖਨੌਰੀ, 27 ਅਪਰੈਲ
ਕੁੱਝ ਦਿਨ ਪਹਿਲਾਂ ਆਈ ਤੇਜ਼ ਹਨੇਰੀ ਨਾਲ ਅੱਗ ਫੈਲਣ ਕਾਰਨ ਖਨੌਰੀ ਨੇੜੇ ਕਈ ਪਿੰਡਾਂ ਵਿੱਚ ਸੈਂਕੜੇ ਟਰਾਲੀਆਂ ਤੂੜੀ, ਤੂੜੀ ਵਾਲੇ ਕੁੱਪ, ਖੇਤਾਂ ਵਿੱਚ ਖੜ੍ਹਾ ਨਾੜ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋ ਹੋ ਗਿਆ ਸੀ। ਅੱਜ ਪੀੜਤ ਪਰਿਵਾਰਾਂ ਨਾਲ ਸਾਬਕਾ ਮੁੱਖ ਮੰਤਰੀ ਬੀਤੀ ਰਾਜਿੰਦਰ ਕੌਰ ਭੱਠਲ ਨੇ ਦੁੱਖ ਸਾਂਝਾ ਕੀਤਾ ਤੇ ਸੂਬਾ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ। ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਉਹ ਅੱਜ ਹਲਕੇ ਦੇ ਲੋਕਾਂ ਦੇ ਘਰ-ਘਰ ਦੁੱਖ ਸਾਂਝਾ ਕਰਨ ਆਏ ਹਨ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਆਪੋ-ਆਪਣੇ ਪਿੰਡਾ ਵਿੱਚ ਹੋਏ ਨੁਕਸਾਨ ਦੀਆਂ ਲਿਸਟਾਂ ਤਿਆਰ ਕਰਵਾਉਣ ਤਾਂ ਜੋ ਪੀੜਤਾਂ ਦੀ ਮਦਦ ਲਈ ਸਰਕਾਰ ਕੋਲ ਆਵਾਜ਼ ਪਹੁੰਚਦੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਇਸ ਹਲਕੇ ਵਿੱਚ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜਣ ਲਈ ਦਰਖਾਸਤ ਕਰਨਗੇ। ਇਸ ਮੌਕੇ ਓਐਸਡੀ ਰਵਿੰਦਰ ਟੁਰਨਾ, ਮਾਰਕੀਟ ਕਮੇਟੀ ਖਨੌਰੀ ਦੇ ਚੇਅਰਮੈਨ ਜੋਗਾ ਸਿੰਘ ਥੇੜ੍ਹੀ, ਮਹਾਵੀਰ ਪ੍ਰਸਾਦ ਢੇਲਾ, ਯੂਥ ਆਗੂ ਜੱਸੀ ਮਨਿਆਣਾ, ਅਪੋਲੋਜੀਤ ਸਿੰਘ ਮਕੋਰੜ ਸਾਹਿਬ, ਸੱਤਾ ਐੱਮਸੀ ਮੌਜੂਦ ਸਨ।