ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਫਰਵਰੀ
ਕੈਪਟਨ ਅਮਰਿੰਦਰ ਸਿੰਘ ਦਾ ਡਰੀਮ ਪ੍ਰਾਜੈਕਟ ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ ਦੀ ਭਾਦਸੋਂ ਰੋਡ ’ਤੇ ਬਣ ਰਹੀ ਇਮਾਰਤ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਪ੍ਰਾਜੈਕਟ ਦੀ ਸਾਰੀ ਜ਼ਿੰਮੇਵਾਰ ਤਤਕਾਲੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦਿੱਤੀ ਗਈ ਸੀ ਪਰ ਉਹ ਭਾਜਪਾ ਵਿੱਚ ਚਲੇ ਗਏ ਹਨ, ਇਸ ਕਰਕੇ ਲਾਅ ਯੂਨੀਵਰਸਿਟੀ ਦੇ ਨੇੜੇ ਬਣ ਰਹੀ ਇਸ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ। 500 ਕਰੋੜ ਨਾਲ 93 ਏਕੜ ਵਿੱਚ ਬਣਨ ਵਾਲੀ ਪੰਜਾਬ ਦੀ ਇਸ ਪਹਿਲੀ ਖੇਡ ਯੂਨੀਵਰਸਿਟੀ ਤੋਂ ਪੰਜਾਬ ਦੇ ਖਿਡਾਰੀਆਂ ਨੂੰ ਕਾਫ਼ੀ ਆਸਾਂ ਹਨ, ਪਰ ਅਮਰਿੰਦਰ ਦੇ ਕਾਂਗਰਸ ਛੱਡਣ ਨਾਲ ਮਾਮਲਾ ਘੱਟੇ ਵਿੱਚ ਪੈ ਗਿਆ।
ਖੇਡ ਯੂਨੀਵਰਸਿਟੀ ਲਈ ਵਿਸ਼ਵ ਪੱਧਰੀ ਪਾਠਕ੍ਰਮ ਯਕੀਨੀ ਬਣਾਉਣ ਲਈ ਬਰਤਾਨੀਆ ਦੀ ਲਫਬਰੌਫ ਯੂਨੀਵਰਸਿਟੀ ਨਾਲ ਸੰਸਥਾਗਤ ਸਹਿਯੋਗ ਬਣਾਉਣ ਲਈ ਆਪਸੀ ਸਹਿਮਤੀ ਦੇ ਸਮਝੌਤੇ (ਐਮ.ਓ.ਯੂ.) ਦੇ ਖਰੜੇ ਨੂੰ ਵੀ ਪ੍ਰਵਾਨਗੀ ਵੀ ਦਿੱਤੀ ਗਈ ਸੀ। ਮੌਜੂਦਾ ਸਮੇਂ ਵਿੱਚ ਇਸ ਯੂਨੀਵਰਸਿਟੀ ਦਾ ਕੈਂਪਸ ਮਹਿੰਦਰਾ ਕੋਠੀ ਵਿੱਚ ਚੱਲ ਰਿਹਾ ਹੈ, ਇੱਥੇ ਲਾਇਬ੍ਰੇਰੀ, ਜਿਮ ਆਦਿ ਹੋਰ ਖੇਡ ਨਾਲ ਸਬੰਧਿਤ ਸਾਮਾਨ ਸਥਾਪਿਤ ਕੀਤਾ ਗਿਆ ਹੈ। ਇਸ ਯੂਨੀਵਰਸਿਟੀ ਨਾਲ ਕੁਝ ਖੇਡ ਕਾਲਜਾਂ ਨੂੰ ਜੋੜਿਆ ਗਿਆ ਹੈ, ਜਿਵੇਂ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਪਟਿਆਲਾ, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ ਜਲੰਧਰ ਅਤੇ ਸਰਕਾਰੀ ਕਾਲਜ ਕਾਲਾ ਅਫ਼ਗ਼ਾਨਾਂ (ਗੁਰਦਾਸਪੁਰ) ਹਨ। ਯੂਨੀਵਰਸਿਟੀ ਵੱਲੋਂ ਬੀ.ਪੀ.ਈ.ਐੱਸ., ਬੀ.ਏ., ਪੀ.ਜੀ.ਡੀ.ਯੋਗਾ, ਬੀ.ਐੱਸ. (ਸਪੋਰਟਸ ਟੈਕਨਾਲੋਜੀ) ਤੇ ਪੀ.ਜੀ.ਡੀ. ਕੋਚਿੰਗ ਲਈ ਕੋਰਸ ਯੋਜਨਾ ਵਿੱਚ ਹਨ, ਕੁਝ ਕੋਰਸ ਸ਼ੁਰੂ ਵੀ ਕੀਤੇ ਹਨ, 100 ਤੋਂ ਵੱਧ ਬੱਚੇ ਪੜ੍ਹ ਵੀ ਰਹੇ ਹਨ। ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਨੇ ਆਪਣੀ ਮਹੱਤਵਪੂਰਨ ਯੋਜਨਾ ਵਜੋਂ ਖੇਡ ਸਾਇੰਸ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਦੇ ਖੇਤਰ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਸ ਵੱਕਾਰੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ 25 ਅਕਤੂਬਰ, 2020 ਨੂੰ ਰੱਖਿਆ ਸੀ। ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਵੱਕਾਰੀ ਯੂਨੀਵਰਸਿਟੀ ਦਾ ਕੰਮ ਚੰਨੀ ਸਰਕਾਰ ਨੇ ਅੱਗੇ ਨਹੀਂ ਵਧਾਇਆ।
ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਜਗਬੀਰ ਚੀਮਾ ਨੇ ਕਿਹਾ,‘ਪਹਿਲਾਂ ਅਸੀਂ ਚਾਰਦੀਵਾਰੀ ਵੱਲ ਧਿਆਨ ਦਿੱਤਾ, ਫੇਰ ਸਾਡੇ ਕੋਲ ਫੰਡ ਦੀ ਕਮੀ ਆ ਗਈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ 60 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਰੁਪਿਆਂ ਨਾਲ ਹੁਣ ਦੋ ਹੋਸਟਲ ਇਕ ਅਕਾਦਮਿਕ ਬਲਾਕ ਬਣਾਉਣ ਬਾਰੇ ਠੇਕਾ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਵਿਚ ਯੋਗ ਖਿਡਾਰੀ ਪੈਦਾ ਕਰੇਗੀ। ਨੌਜਵਾਨ ਇਸ ਤੋਂ ਲਾਭ ਲੈਣਗੇ।