ਪੱਤਰ ਪ੍ਰੇਰਕ
ਰਾਜਪੁਰਾ, 5 ਸਤੰਬਰ
ਰਾਜਪੁਰਾ-ਪਟਿਆਲਾ ਰੋਡ ’ਤੇ ਬੀਤੀ ਦੇਰ ਰਾਤ ਲਵਾਰਸ ਪਸ਼ੂ ਕਾਰ ਅੱਗੇ ਆ ਜਾਣ ਕਾਰਨ ਵਾਪਰੇ ਹਾਦਸੇ ਦੌਰਾਨ ਕਾਰ ਨੁਕਸਾਨੀ ਗਈ, ਪਰ ਕਾਰ ਚਾਲਕ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਹਰਸ਼ ਵਾਸੀ ਗਾਂਧੀ ਕਲੋਨੀ ਰਾਜਪੁਰਾ ਟਾਊਨ ਆਪਣੀ ਕਾਰ ਵਿੱਚ ਦੇਰ ਰਾਤ ਰਾਜਪੁਰਾ ਤੋਂ ਪਟਿਆਲਾ ਵੱਲ ਜਾ ਰਿਹਾ ਸੀ ਕਿ ਟਾਊਨ ਤੋਂ ਬਾਹਰ ਅਭਿਨੰਦਨ ਪੈਲੇਸ ਸਾਹਮਣੇ ਉਸ ਦੀ ਕਾਰ ਅੱਗੇ ਅਚਾਨਕ ਲਵਾਰਿਸ ਪਸ਼ੂ ਦੇ ਆ ਜਾਣ ਕਾਰ ਸੜਕ ਉਪਰ ਪਲਟ ਗਈ ਅਤੇ ਨੁਕਸਾਨੀ ਗਈ ਜਦੋਂਕਿ ਪਸ਼ੂ ਦੀ ਵੀ ਮੌਤ ਹੋ ਗਈ। ਕਾਰ ਚਾਲਕ ਦਾ ਸੱਟਾਂ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਇੱਥੋਂ ਦੇ ਸ਼ਹਿਰੀ ਅਤੇ ਨੇੜਲੇ ਦਿਹਾਤੀ ਖੇਤਰ ਵਿੱਚ ਲੰਘੇ ਕੁਝ ਸਾਲਾਂ ਤੋਂ ਘੁੰਮਦੇ ਲਵਾਰਿਸ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਵਿੱਚ ਕਈ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਵੀ ਹੋਏ ਹਨ। ਇਸ ਦੇ ਬਾਵਜੂਦ ਨਗਰ ਕੌਂਸਲ ਲਵਾਰਿਸ ਪਸ਼ੂਆਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ ਹੈ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਲਵਾਰਿਸ ਪਸ਼ੂਆਂ ਦੀ ਸਮੱਸਿਆ ਗੰਭੀਰ ਹੈ। ਨਗਰ ਕੌਂਸਲ ਵੱਲੋਂ ਕਾਬੂ ਕੀਤੇ ਜਾਂਦੇ ਲਵਾਰਿਸ ਪਸ਼ੂਆਂ ਨੂੰ ਸਾਂਭਣ ਲਈ ਰਾਜਪੁਰਾ ਵਿੱਚ ਕੋਈ ਪ੍ਰਬੰਧ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਲੈ ਕੇ ਗਾਜੀਪੁਰ (ਸਮਾਣਾ) ਦੀ ਗਊਸ਼ਾਲਾ ਵਿੱਚ ਪਸ਼ੂ ਛੱਡੇ ਗਏ ਸਨ ਤੇ ਉੱਥੇ ਹੋਰ ਪਸ਼ੂ ਛੱਡਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਮੰਗੀ ਗਈ ਹੈ।