ਪੱਤਰ ਪ੍ਰੇਰਕ
ਸਮਾਣਾ, 6 ਸਤੰਬਰ
ਪਿੰਡ ਸਾਗਰਾਂ ਤੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਨਾਬਾਲਗ ਦੀ ਲਾਸ਼ ਅੱਜ ਟੋਹਾਣਾ ਹੈੱਡ ਭਾਖੜਾ ਨਹਿਰ ’ਚੋਂ ਮਿਲੀ ਹੈ। ਠਰੂਆ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ। ਪੁਲੀਸ ਵੱਲੋਂ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਅਨੁਸਾਰ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਿੰਸਦੀਪ ਸਿੰਘ (17) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸਾਗਰਾ 2 ਸਤੰਬਰ ਨੂੰ ਸ਼ਾਮ ਸਮੇਂ ਪਿੰਡ ਅਰਨੋ ਵਿੱਚ ਟਿਊਸ਼ਨ ਪੜ੍ਹਨ ਲਈ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ ਜਿਸ ਦੀ ਸੂਚਨਾ ਠਰੂਆ ਪੁਲੀਸ ਨੂੰ ਦਿੱਤੀ ਗਈ ਸੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਮੋਟਰਸਾਈਕਲ 3 ਸਤੰਬਰ ਨੂੰ ਪਿੰਡ ਡਸਕਾ ਨੇੜੇ ਭਾਖੜਾ ਨਹਿਰ ਕੋਲੋਂ ਬਰਾਮਦ ਕਰ ਲਿਆ ਸੀ। ਸ਼ੱਕ ਪੈਣ ’ਤੇ ਨੌਜਵਾਨ ਦੀ ਭਾਖੜਾ ਨਹਿਰ ਵਿੱਚ ਭਾਲ ਕੀਤੀ ਗਈ ਜਿਸ ਦੌਰਾਨ ਉਸ ਦੀ ਲਾਸ਼ ਅੱਜ ਸ਼ਾਮ ਨੂੰ ਟੋਹਾਣਾ ਹੈੱਡ ਤੋਂ ਬਰਾਮਦ ਹੋਈ।