ਗੁਰਨਾਮ ਸਿੰਘ ਚੌਹਾਨ
ਪਾਤੜਾਂ, 31 ਅਕਤੂਬਰ
ਹਲਕਾ ਸ਼ੁਤਰਾਣਾ ਦੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਪਾਤੜਾਂ ਵਿੱਚ ਸਾਬਕਾ ਵਿਧਾਇਕਾਂ ਤੇ ਹਲਕਾ ਸ਼ੁਤਰਾਣਾ ਦੇ ਅਕਾਲੀ ਦਲ ਮੁਖੀ ਬੀਬੀ ਵਰਿੰਦਰ ਕੌਰ ਲੂੰਬਾ ਦੀ ਅਗਵਾਈ ’ਚ ਹੋਈ। ਮੀਟਿੰਗ ਵਿੱਚ ਅਕਾਲੀ ਦਲ ਵੱਲੋਂ ਨਾਭਾ ਵਿੱਚ ਲਾਏ ਜਾ ਰਹੇ ਧਰਨੇ ਲਈ ਹਲਕੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਬੀਬੀ ਲੂੰਬਾ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਹੈ। ਪੰਜਾਬ ਵਿੱਚ ਕੈਪਟਨ ਸਰਕਾਰ ਵੱਡੇ ਘਪਲੇ ਕਰਕੇ ਹਰ ਵਰਗ ਦੇ ਲੋਕਾਂ ਦਾ ਨੁਕਸਾਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਬੱਚਿਆਂ ਲਈ ਭੇਜਿਆ ਸਕਾਲਰਸ਼ਿਪ ਦਾ ਸਾਰਾ ਪੈਸਾ ਹਜ਼ਮ ਕਰ ਲਿਆ ਗਿਆ ਹੈ ਅਤੇ ਇਹ ਘਪਲਾ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਸਰਕਾਰ ਨੇ ਕਲੀਨ ਚਿੱਟ ਦੇ ਕੇ ਦਲਿਤਾਂ ਨਾਲ ਧੋਖਾ ਕੀਤਾ ਹੈ। ਦਲਿਤ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 2 ਨਵੰਬਰ ਨੂੰ ਨਾਭਾ ਵਿੱਚ ਸਾਧੂ ਸਿੰਘ ਧਰਮਸੋਤ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਹਲਕਾ ਸ਼ੁਤਰਾਣਾ ਤੋਂ ਭਾਰੀ ਗਿਣਤੀ ਵਿਚ ਆਗੂ ਤੇ ਵਰਕਰਾਂ ਤੋਂ ਇਲਾਵਾ ਦਲਿਤ ਭਾਈਚਾਰੇ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ’ਤੇ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ‘ਆਪ’ ਤੇ ਕਾਂਗਰਸ ਰਲ ਕੇ ਕਿਸਾਨਾਂ ਦਾ ਮੂਰਖ ਬਣਾ ਰਹੇ ਹਨ।