ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਮਈ
ਸ਼ੋ੍ਮਣੀ ਅਕਾਲੀ ਦਲ ‘ਬਾਦਲ’ ਐਤਕੀਂ ਪਰਿਵਾਰਵਾਦ ਦੀ ਪਿਰਤ ਨੂੰ ਰੋਕਣ ਦੇ ਮੂਡ ’ਚ ਹੈ। ਪਾਰਟੀ ਹਾਈਕਮਾਂਡ ਵੱਲੋਂ ਐਤਕੀਂ ਵਿਧਾਨ ਸਭਾ ਪਿੜ ਦੀਆਂ ਟਿਕਟਾਂ ਲਈ ਇੱਕ ਪਰਿਵਾਰ ’ਚੋਂ ਇੱਕ ਹੀ ਟਿਕਟ ਨਿਵਾਜਣ ਦਾ ਫ਼ੈਸਲਾ ਲਏ ਜਾਣ ਦਾ ਪਤਾ ਲੱਗਿਆ ਹੈ। ਬਾਦਲ ਪਰਿਵਾਰ ਵੱਲੋਂ ਇੱਕ ਟਿਕਟ ’ਤੇ ਹੀ ਚੋਣ ਪਿੜ ਮੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਾਰਟੀ ਹਾਈਕਮਾਂਡ ਇਸ ਨਿਰਣੇ ’ਤੇ ਅੱਪੜੀ ਹੈ ਕਿ ਵਰਕਰਾਂ ਦੀਆਂ ਭਾਵਨਾਵਾਂ ਲਈ ਪਾਰਟੀ ਤੋਂ ਪਰਿਵਾਰਵਾਦ ਦਾ ਛਾਇਆ ਮਨਫ਼ੀ ਹੋਣਾ ਚਾਹੀਦਾ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿੱਚ ਲਏ ਸਖ਼ਤ ਨਿਰਣੇ ’ਚ ਇੱਕ ਪਰਿਵਾਰ ’ਚੋਂ ਇੱਕ ਹੀ ਟਿਕਟ ਦੇਣ ਦੀ ਗੱਲ ਪੁਗਾ ਲਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਪਾਰਟੀ ਅੰਦਰੋਂ ਪਾਰਟੀ ਪ੍ਰਧਾਨ ’ਤੇ ਦਬਾਅ ਬਰਕਰਾਰ ਹੈ ਕਿ ਕੁਝ ਚੋਣਦੇ ਸਿਆਸੀ ਪਰਿਵਾਰਾਂ ਨੂੰ ਦੋ ਟਿਕਟਾਂ ਦੇਣ ’ਚ ਕੋਈ ਹਰਜ਼ ਨਹੀਂ ਪਰ ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਵੱਲੋਂ ਹੁਣ ਇੱਕ ਪਰਿਵਾਰ ਇੱਕ ਟਿਕਟ ’ਤੇ ਫੋਕਸ ਕੇਂਦਰਿਤ ਕੀਤਾ ਜਾਣ ਲੱਗਿਆ ਹੈ। ਸੂਤਰਾਂ ਮੁਤਾਬਕ ਬਾਦਲ ਪਰਿਵਾਰ ’ਚੋਂ ਐਤਕੀਂ ਇੱਕ ਜਣਾ ਹੀ ਚੋਣ ਪਿੜ ’ਚ ਉਤਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਅਵਸਥਾ ਕਾਰਨ ਐਤਕੀਂ ਚੋਣਾਂ ਦੇ ਭੇੜ ਤੋਂ ਸੁਰਖ਼ੁਰੂ ਹੀ ਰਹਿਣਗੇ। ਪਾਰਟੀ ਨਾਲ ਜੁੜੇ ਇੱਕ ਅਹਿਮ ਸ਼ਖ਼ਸ ਨੇ ਦੱਸਿਆ ਕਿ ਐਤਕੀਂ ਸੁਖਬੀਰ ਸਿੰਘ ਬਾਦਲ ਹੀ ਬਾਦਲ ਪਰਿਵਾਰ ’ਚੋਂ ਚੋਣ ਲੜਨਗੇ।