ਪੱਤਰ ਪ੍ਰੇਰਕ
ਪਟਿਆਲਾ, 30 ਜੂਨ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਥੀਏਟਰ ਨਾਲ ਪ੍ਰਣਾਏ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਦੀ ਅਗਵਾਈ ਵਿੱਚ ਮਹੀਨਾ ਭਰ ਚੱਲਣ ਵਾਲੀ ਮੁਫ਼ਤ ਸਾਲਾਨਾ ਥੀਏਟਰ ਵਰਕਸ਼ਾਪ ਦੀ ‘ਜਨ ਸੰਪਰਕ ਥੀਏਟਰ ਮੁਹਿੰਮ’ ਦਾ ਉਦਘਾਟਨ ਡਾ. ਸਵਰਾਜ ਸਿੰਘ ਨੇ ਕੀਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਰੰਗਮੰਚ ਲੋਕਾਂ ਨੂੰ ਅਸਲ ਅਤੇ ਨਕਲ, ਸੱਚ ਅਤੇ ਝੂਠ, ਅਛਾਈ ਅਤੇ ਬੁਰਾਈ ਬਾਰੇ ਗਿਆਨ ਦੇਣ ਲਈ ਸਮਰੱਥ ਹੈ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ-ਯੋਗਾ ਮਾਹਿਰ ਜੀਤ ਸਿੰਘ ਮਥਾਰੂ ਨੇ ‘ਯੋਗਾ ਦੀ ਰੰਗਮੰਚ ’ਚ ਭੂਮਿਕਾ’ ਬਾਰੇ ਸਮਝਾਇਆ। ਸ੍ਰੀ ਸਭਰਵਾਲ ਨੇ ਸਿੱਖਿਆਰਥੀਆਂ ਨੂੰ ਸੰਗੀਤ-ਨਾਟਕ ਨ੍ਰਿਤ ਦੀ ਸਿੱਖਿਆ ਪ੍ਰਦਾਨ ਕਰਨ ਵਾਲੇ ਗੁਰੂਆਂ ਵਿਨੋਦ ਕੌਸ਼ਲ (ਡਰਾਮਾ), ਸੁਭਾਸ਼ ਮਲਿਕ ਅਤੇ ਗਿਲਦੀਪ (ਸੰਗੀਤ) ਅਤੇ ਜਗਦੀਸ਼ ਕੁਮਾਰ ਕੋਰੀਉਗਰਾਫ਼ਰ ਤੋਂ ਇਲਾਵਾ ਗੋਪਾਲ ਸ਼ਰਮਾ, ਰਾਜ ਸ੍ਰੀ, ਗੁਰ ਪ੍ਰਗਟ ਸਿੰਘ, ਇੰਦਰਪ੍ਰੀਤ ਸਿੰਘ, ਰੱਜਤ ਚੌਹਾਨ, ਪੂਜਾ ਰਾਣੀ, ਮਨੀਸ਼ਾ ਅਤੇ ਹਰਪਾਲ ਮਾਨ ਦਾ ਸਨਮਾਨ ਕੀਤਾ। ਗਿਲਦੀਪ ਤੇ ਹਰਪਾਲ ਮਾਨ ਨੇ ਗੀਤ ਸੁਣਾਏ, ਸਿੱਖਿਆਰਥੀਆਂ ਨੇ ਵਿਨੋਦ ਕੌਸ਼ਲ ਵੱਲੋਂ ਨਿਰਦੇਸ਼ਤ ਨਾਟਕ ‘ਅੰਧੇਰ ਨਗਰੀ-ਚੌਪਟ ਰਾਜਾ’ ਦੀ ਪੇਸ਼ਕਾਰੀ ਕੀਤੀ।