ਪੱਤਰ ਪ੍ਰੇਰਕ
ਪਾਤੜਾਂ, 17 ਜੂਨ
ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀ ਵੱਲੋਂ ਫੀਸ ਨਾ ਭਰੇ ਜਾਣ ਦੀ ਸੂਰਤ ਵਿੱਚ ਰੋਲ ਨੰਬਰ ਨਾ ਦੇਣ ਦੇ ਜਾਰੀ ਨਿਰਦੇਸ਼ਾਂ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਰੋਸ ਪ੍ਰਗਟਾਇਆ। ਇਸ ਦੌਰਾਨ ਡੀਪੀਆਈ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੇ ਨਾਂ ਮੰਗ ਪੱਤਰ ਕਾਲਜ ਦੇ ਵਾਈਸ ਪ੍ਰਿੰਸੀਪਲ ਨੂੰ ਸੌਂਪਿਆ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਨਾਈਵਾਲ ਤੇ ਦਵਿੰਦਰ ਛਬੀਲਪੁਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨੀਂ ਕਾਲਜਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਜੇ ਵਿਦਿਆਰਥੀ ਸਾਰੀ ਫੀਸ ਨਹੀਂ ਭਰਦਾ ਤਾਂ ਉਸ ਨੂੰ ਪੇਪਰਾਂ ਵਿਚ ਨਾ ਬੈਠਣ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਖਾਤੇ ਵਿੱਚ ਡਾ. ਬੀਆਰ ਅੰਬੇਡਕਰ ਸਕੀਮ ਤਹਿਤ ਆਉਣ ਵਾਲਾ ਵਜ਼ੀਫ਼ਾ ਅਜੇ ਤੱਕ ਨਹੀਂ ਆਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾ. ਬੀਆਰ ਅੰਬੇਡਕਰ ਸਕਾਲਰਸ਼ਿਪ ਤਹਿਤ ਆਉਣ ਵਾਲਾ ਪੂਰਾ ਵਜ਼ੀਫਾ ਵਿਦਿਆਰਥੀਆਂ ਦੇ ਖਾਤਿਆ ਵਿੱਚ ਪਾਇਆ ਜਾਵੇ ਅਤੇ ਬਾਅਦ ਵਿੱਚ ਉਨ੍ਹਾਂ ਤੋਂ ਫੀਸ ਭਰਵਾਈ ਜਾਵੇ। ਜੇਕਰ ਅਜਿਹਾ ਨਾ ਕੀਤਾ ਤਾ ਜਥੇਬੰਦੀ ਸੂਬਾ ਪੱਧਰੀ ਸੰਘਰਸ਼ ਕਰੇਗੀ।