ਖੇਤਰੀ ਪ੍ਰਤੀਨਿਧ
ਪਟਿਆਲਾ, 25 ਜੂਨ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ’ਤੇ ਪਹਿਲੀ ਜੁਲਾਈ ਤੋਂ ਆਇਦ ਹੋ ਰਹੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਨੇ ਇਸ ਬਾਰੇ ਆਮ ਲੋਕਾਂ ਅਤੇ ਬਾਜ਼ਾਰਾਂ ’ਚ ਜਾਗਰੂਕਤਾ ਫੈਲਾਉਣ ਸਮੇਤ ਹਫ਼ਤਾਵਾਰੀ ਰਿਪੋਰਟ ਪੇਸ਼ ਕਰਨ ਲਈ ਵੀ ਆਦੇਸ਼ ਦਿੱਤੇ।
ਅੱਜ ਇੱਥੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 10ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ’ਚ ਵਗਦੀਆਂ ਨਦੀਆਂ ਦਾ ਪਾਣੀ, ਹਵਾ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਜਾਰੀ ਐਕਸ਼ਨ ਪਲਾਨ ਨੂੰ ਵੀ ਇੰਨ-ਬਿੰਨ ਲਾਗੂ ਕਰਨ ਦੀਆਂ ਹਦਾਇਤਾਂ ਕੀਤੀਆਂ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਨਵਤੇਸ਼ ਸਿੰਗਲਾ ਨੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਮੌਕੇ ਏਡੀਸੀ ਗੌਤਮ ਜੈਨ ਤੇ ਈਸ਼ਾ ਸਿੰਘਲ, ਐੱਸਡੀਐੱਮ ਡਾ. ਇਸਮਤ ਵਿਜੈ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ ਸਮੇਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।