ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 31 ਜੁਲਾਈ
ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਮਾਮਲੇ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਸਰਾਓ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ‘ਆਪ’ ਵਰਕਰ ਰਤਨੇਸ਼ ਜਿੰਦਲ ਸੂਬਾ ਜੁਆਇੰਟ ਸਕੱਤਰ ਯੂਥ ਵਿੰਗ, ਸੂਬਾ ਪ੍ਰਧਾਨ ਯੂਥ ਵਿੰਗ ਮਨਦੀਪ ਸਿੰਘ ਸਰਾਓ ਅਤੇ ਅਮਰਿੰਦਰ ਸਿੰਘ ਮੀਰੀ ਭੁੱਖ ਹੜਤਾਲ ਉੱਪਰ ਬੈਠੇ। ਬਾਕੀ ਵਰਕਰਾਂ ਨੇ ਰੋਸ ਧਰਨਾ ਦਿੱਤਾ। ਇਸ ਉਪਰੰਤ ਧਰਨਾਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਰੋਸ ਰੈਲੀ ਕੱਢੀ। ਰੋਸ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਨੇ ਕਿਹਾ ਕਿ ਕੱਲ੍ਹ ਵੀ ਪਾਰਟੀ ਵਰਕਰਾਂ ਵੱਲੋਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਸਬੰਧੀ ਰੋਸ ਧਰਨਾ ਦਿੱਤਾ ਗਿਆ ਸੀ ਪਰ ਨਗਰ ਕੌਂਸਲ ਦੇ ਕੰਨ ਉੱਪਰ ਜੂੰ ਨਹੀਂ ਸਰਕੀ। ਇਸ ਲਈ ਵਰਕਰਾਂ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੱਲ ਨਹੀਂ ਹੋ ਜਾਂਦੀ ਉਦੋਂ ਤੱਕ ਪਾਰਟੀ ਦੇ ਵਰਕਰ ਲੜੀਵਾਰ ਭੁੱਖ ਹੜਤਾਲ ਉੱਪਰ ਬੈਠਣਗੇ ਅਤੇ ਰੈਲੀਆਂ ਰਾਹੀਂ ਜਨਤਾ ਨੂੰ ਜਾਗਰੂਕ ਕਰਨਗੇ। ਸ੍ਰੀਮਤੀ ਮਿੱਤਲ ਨੇ ਕਿਹਾ ਕਿ ਜਨਤਾ ਤੋਂ ਗਊ ਸੈੱਸ ਰਾਹੀਂ ਇਕੱਠਾ ਕੀਤਾ ਪੈਸਾ ਨਗਰ ਕੌਂਸਲ ਹੋਰ ਪਾਸੇ ਲਗਾ ਦਿੰਦੀ ਹੈ ਜਿਸ ਕਾਰਨ ਬੇਸਹਾਰਾ ਪਸ਼ੂਆਂ ਲਈ ਕੋਈ ਢੁਕਵਾਂ ਇੰਤਜ਼ਾਮ ਨਹੀਂ ਹੋ ਪਾ ਰਿਹਾ ਹੈ। ਇਹ ਬੇਸਹਾਰਾ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਮਾਮਲਾ ਵਧਦਾ ਦੇਖ ਕੇ ਨਗਰ ਕੌਂਸਲ ਨੇ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਭੇਜਣਾ ਸ਼ੁਰੂ ਕਰ ਦਿੱਤਾ। ‘ਆਪ’ ਵਰਕਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਿਆ ਜਾਵੇਗਾ।