ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਇੱਥੇ ਨੇੜੇ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਬਾਰਨ ਵਿੱਚ ਸਥਿਤ ਰਿਲਾਇੰਸ ਦੇ ਇੱਕ ਪੈਟਰੋਲ ਪੰਪ ’ਤੇ ਲੰਘੀ ਰਾਤ ਛੇ ਹਥਿਅਰਬੰਦ ਲੁਟੇਰੇ ਕੈਸ਼ੀਅਰ ਤੋਂ ਨਕਦੀ ਅਤੇ ਗਾਰਡ ਤੋਂ ਰਿਵਾਲਵਰ ਖੋਹ ਕੇ ਲੈ ਗਏ। ਤੜਕੇ 2 ਵਜੇ ਦੇ ਕਰੀਬ ਲੁਟੇਰੇ ਇੱਕ ਇਨੋਵਾ ਗੱਡੀ ਵਿਚ ਆਏ ਸਨ।
ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਵਿੱਚੋਂ ਦੋ ਪਿਸਤੌਲਾਂ ਜਦਕਿ ਬਾਕੀ ਰਾਡਾਂ ਤੇ ਕਿਰਚਾਂ ਆਦਿ ਹਥਿਆਰਾਂ ਨਾਲ ਲੈਸ ਸਨ। ਲੁਟੇਰਿਆਂ ਨੇ ਆਉਂਦਿਆਂ ਹੀ ਪੰਪ ਦੇ ਮੁਲਾਜ਼ਮਾਂ ਨੂੰ ਸਾਰੀ ਨਕਦੀ ਉਨ੍ਹਾਂ ਦੇ ਹਵਾਲੇ ਕਰਨ ਲਈ ਆਖਿਆ। ਮੁਲਾਜ਼ਮਾਂ ਕੋਲ਼ 10 ਕੁ ਹਜ਼ਾਰ ਰੁਪਏ ਹੀ ਸਨ ਜੋ ਉਨ੍ਹਾਂ ਨੇ ਤੁਰੰਤ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਲੁਟੇਰੇ ਪੈਟਰੋਲ ਪੰਪ ਕੋਲੋਂ ਰਿਵਾਲਵਰ ਖੋਹ ਕੇ ਲੈ ਗਏ। ਵਾਰਦਾਤ ਤੋਂ ਤੁਰੰਤ ਬਾਅਦ ਉਹ ਤੇਜ਼ੀ ਨਾਲ ਸਰਹਿੰਦ ਵੱਲ ਨੂੰ ਲੰਘ ਗਏ।
ਉੱਧਰ, ਇਸ ਘਟਨਾ ਦਾ ਪਤਾ ਲੱਗਣ ’ਤੇ ਰਾਤ ਨੂੰ ਜਿੱਥੇ ਪਹਿਲਾਂ ਥਾਣਾ ਅਨਾਜ ਮੰਡੀ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਅਤੇ ਹੋਰ ਪੁਲੀਸ ਮੁਲਾਜ਼ਮ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਪਰੰਤ ਡੀਐੱਸਪੀ (ਸਿਟੀ-2) ਸੌਰਵ ਜਿੰਦਲ ਵੀ ਜਲਦੀ ਹੀ ਮੌਕੇ ’ਤੇ ਪਹੁੰਚ ਗਏ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਸਨ ਪਰ ਅੱਜ ਦੇਰ ਸ਼ਾਮ ਤੱਕ ਵੀ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਸੀ ਲੱਗ ਸਕਿਆ। ਇੱਥੋਂ ਤੱਕ ਕਿ ਹਨੇਰੇ ਕਰ ਕੇ ਲੁਟੇਰਿਆਂ ਵੱਲੋਂ ਵਾਰਦਾਤ ਵਿਚ ਵਰਤੀ ਗਈ ਇਨੋਵਾ ਕਾਰ ਦਾ ਨੰਬਰ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।