ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਾਰਚ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ, ਇੱਕ ਖ਼ਾਮੋਸ਼ ਅਵਾਮੀ ਇਨਕਲਾਬ ਦੀ ਤਰਜ਼ਮਾਨੀ ਕਰਦੇ ਹਨ। ਇਹ ਵੀ ਕੋਈ ਅਤਕਥਨੀ ਨਹੀਂ, ਕਿ ਇਹ ‘ਆਪ’ ਦੇ ਪੱਖ ਵਿੱਚ ਆਇਆ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਵਿੱਚ ਤੀਸਰੇ ਮੁਤਵਾਜ਼ੀ ਬਦਲ ਦੀ ਸਥਾਪਨਾ ਲਈ, ਵੱਡੀ ਦਾਅਵੇਦਾਰ ਸੀ ਅਤੇ ਪੰਜਾਬ ਦੇ ਲੋਕਾਂ ਤੋਂ ਵਾਰ-ਵਾਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਕੇਵਲ ਇੱਕ ਮੌਕਾ ਮੰਗ ਰਹੀ ਸੀ। ਇਸੇ ਤਰ੍ਹਾਂ ‘ਆਪ’ ਦੇ ਮੁਖੀ, ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਮਾਡਲ ਦਾ ਵਾਸਤਾ ਪਾ ਕੇ, ਧੜਾਧੜ ਗਾਰੰਟੀਆਂ ਦੇ ਐਲਾਨ ਕਰਦਿਆਂ, ਪੰਜਾਬ ਦੇ ਸ਼ਾਨਦਾਰ ਭਵਿੱਖ ਦੀ ਵੱਡੀ ਜ਼ਾਮਨੀ ਵੀ ਭਰ ਰਹੇ ਸਨ। ਇਸ ਕਾਰਨ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫੇਰ ‘ਵਿਸ਼ਵਾਸ ਕਰਨ ਦਾ ਅੱਕ ਚੱਬ ਲਿਆ ਹੈ’ ਅਤੇ ਇੱਕ ਇਤਿਹਾਸਕ ਫਤਵਾ ਦੇ ਕੇ,ਆਪ ਦੇ ‘ਝਾੜੂ’ ਨੂੰ ਪੰਜਾਬ ਦੀ ਸਰਬਪੱਖੀ ਸਫ਼ਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਸਿਆਸਤਦਾਨਾਂ ਦੇ ਕਹਿਣੀ ਤੇ ਕਥਨੀ ਦਰਮਿਆਨ ਹੰਢਾਏ ਅੰਤਰਾਂ ਦਾ ਬਥੇਰਾ ਸੰਤਾਪ ਭੁਗਤ ਲਿਆ ਹੈ। ਹੁਣ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਉਨ੍ਹਾਂ ਦੇ ਬਾਕੀ ਸਾਥੀਆਂ ਤੋਂ ਅਜਿਹੀ ਰਾਜਨੀਤਕ ਬੇਈਮਾਨੀ ਦੀ ਉਮੀਦ ਨਹੀਂ ਰੱਖਦੇ।