ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 7 ਜਨਵਰੀ
ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਵਿਸ਼ਵ ਚਿੰਤਨ ਦਿਵਸ ਨੂੰ ਸਮਰਪਿਤ ‘ਪੰਜਾਬ ਦੇ ਪਰਵਾਸ ਦਾ ਸੱਚ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ, ਡਾ. ਨਰਵਿੰਦਰ ਸਿੰਘ ਕੌਸ਼ਲ ਸ਼ਾਮਲ ਸਨ। ਡਾ. ਸਵਰਾਜ ਸਿੰਘ ਨੇ ਪਰਵਾਸ ਦੇ ਸੱਚ ’ਤੇ ਬੋਲਦਿਆਂ ਕਿਹਾ, ਪਰਵਾਸ ਸਾਡੀ ਮਜਬੂਰੀ ਨਹੀਂ, ਸਗੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ ਲੋੜ ਹੈ। ਬਹਿਸ ਦਾ ਆਰੰਭ ਕਰਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਪਰਵਾਸ ਪੰਜਾਬ ਦੀ ਨੌਜਵਾਨੀ ਨੂੰ ਕਿਰਤ ਤੋਂ ਤੋੜ ਰਿਹਾ ਹੈ। ਇਸ ਸੈਮੀਨਾਰ ਵਿੱਚ ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਡਾ. ਬਲਦੇਵ ਸਿੰਘ ਬੱਲੂਆਣਾ, ਡਾ. ਤਰਸਪਾਲ ਕੌਰ, ਡਾ. ਤਰਲੋਚਨ ਕੌਰ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਇਕਬਾਲ ਗੱਜਣ, ਡਾ. ਪੂਰਨ ਚੰਦ ਜੋਸ਼ੀ, ਡਾ. ਦਰਸ਼ਨ ਕੌਰ ਆਦਿ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ। ਬਹਿਸ ਨੂੰ ਸਮੇਟਦਿਆਂ ਡਾ. ਤੇਜਵੰਤ ਮਾਨ ਦਾ ਕਹਿਣਾ ਸੀ ਕਿ ਪੱਛਮੀ ਪੂੰਜੀ ਵਿਕਾਸ ਮਾਡਲ ਦੀ ਚਕਾਚੌਂਧ ਪੰਜਾਬ ਦੇ ਪਰਵਾਸ ਦਾ ਸੱਚ ਹੈ।
ਇਸ ਮੌਕੇ ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ‘ਧਰਮ ਦਰਸ਼ਨ ਅਤੇ ਅਜੋਕਾ ਜੀਵਨ’ ਲੋਕ ਅਰਪਣ ਕੀਤੀ ਗਈ।