ਰਵੇਲ ਸਿੰਘ ਭਿੰਡਰ
ਪਟਿਆਲਾ, 14 ਅਗਸਤ
ਪਾਵਰਕੌਮ ਵੱਲੋਂ ਬਜ਼ੁਰਗ ਤੇ ਵਿਧਵਾ ਮਹਿਲਾ ’ਤੇ ਦੂਜੀ ਵਾਰ ਵਿੱਤੀ ਮਾਰ ਕੀਤੀ ਗਈ ਹੈ। ਇਸ ਔਰਤ ਨੂੰ ਬਿਜਲੀ ਦਾ ਵੱਡਾ ਬਿੱਲ ਭੇਜਿਆ ਗਿਆ ਜਦੋਂ ਕਿ ਪਿਛਲੀ ਵਾਰ ਇਸ ਨੂੰ ਪਾਵਰਕੌਮ ਵੱਲੋਂ ਦੋ ਮਹੀਨਿਆਂ ਦਾ 69 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭੇਜਿਆ ਗਿਆ ਸੀ। ਹਾਲਾਂਕਿ ਇਸ ਬਜ਼ੁਰਗ ਮਹਿਲਾ ਦੇ ਨਿੱਕੇ ਜਿਹੇ ਘਰ ’ਚ ਛੋਟੀ ਫਰਿੱਜ, ਛੱਤ ਵਾਲਾ ਪੱਖਾ ਤੇ ਦੋ ਬਲਬ ਹੀ ਬਲਦੇ ਹਨ। ਤਰਲੋਚਨ ਨੇ ਦੱਸਿਆ ਕਿ ਉਸ ਦੀ ਮਾਂ ਤੇ ਉਹ ਦੋਵੇਂ ਹੀ ਪਰਿਵਾਰ ਦੇ ਜੀਅ ਹਨ। ਪਿਛਲੀ ਵਾਰ ਕਈ ਦਿਨ ਦਫਤਰਾਂ ਦੇ ਗੇੜਿਆ ਮਗਰੋਂ ਬਿੱਲ ਦੀ ਦਰੁਸਤੀ ਕਰਵਾਈ ਸੀ ਤੇ ਹੁਣ ਮੁੜ ਉਹ ਹੀ ਬਿਪਤਾ ਦੁਬਾਰਾ ਪਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਵੀ ਮੀਟਰ ਦੀਆਂ ਖਪਤ ਯੂਨਿਟਾਂ ਤੇ ਮੀਟਰ ਰੀਡਿੰਗ ਦੌਰਾਨ ਮਾਪੀਆਂ ਖਪਤ ਯੂਨਿਟਾਂ ਦਾ ਵੱਡਾ ਅੰਤਰ ਹੈ। ਉਨ੍ਹਾਂ ਵਿੱਤੀ ਮਾਰ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖਦਿਆਂ ਇਨਸਾਫ ਦੀ ਮੰਗ ਕੀਤੀ। ਮਾਤਾ ਗਿਆਨ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਪੱਤਰ ’ਚ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਕੇ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।