ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਜੁਲਾਈ
ਸਰਕਾਰੀ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅਪਰੈਲ ਤੇ ਮਈ ਮਹੀਨੇ ਦੇ ਪਾਠਕ੍ਰਮ ਨਾਲ ਸਬੰਧਤ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਆਨਲਾਈਨ ਪ੍ਰੀਖਿਆਵਾਂ 5 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ। ਵਿਭਾਗ ਵੱਲੋਂ 19 ਜੁਲਾਈ ਤੱਕ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਦੀ ਪੂਰਨ ਯੋਜਨਾਬੰਦੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਹਰਿੰਦਰ ਕੌਰ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਭਾਗ ਦੇ ਵਿਸ਼ਾ ਮਾਹਿਰਾਂ ਦੀ ਸਟੇਟ ਟੀਮ ਨੇ ਸਮੂਹ ਜ਼ਿਲ੍ਹਿਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਦੇ ਸਫ਼ਲ ਪ੍ਰਬੰਧ ਲਈ ਅਗਵਾਈ ਲੀਹਾਂ ਭੇਜੀਆਂ ਹਨ, ਜਿਨ੍ਹਾਂ ਅਨੁਸਾਰ ਸਟੇਟ ਆਈਟੀ ਟੀਮ ਵੱਲੋਂ ਡੇਟਸ਼ੀਟ ਦੀ ਪ੍ਰਾਪਤੀ ਤੋਂ ਬਾਅਦ ਗੂਗਲ ਫਾਰਮ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਡੀਐੱਮ (ਆਈਸੀਟੀ) ਨੂੰ ਭੇਜਣਗੇ। ਜਿਸ ਤੋਂ ਜ਼ਿਲੇ ਦੀਆਂ ਸੈਟਿੰਗਾਂ ਅਨੁਸਾਰ ਲਿੰਕ ਬਣਾ ਕੇ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਰਾਤ ਅੱਠ ਵਜੇ ਤੱਕ ਜ਼ਿਲਾ ਸਿੱਖਿਆ ਦਫ਼ਤਰ ਰਾਹੀਂ ਸਕੂਲ ਮੁਖੀਆਂ ਅਤੇ ਸਟਾਫ ਨਾਲ ਸਾਂਝਾ ਕੀਤਾ ਜਾਵੇਗਾ। ਪੇਪਰ ਦਾ ਲਿੰਕ ਸਵੇਰੇ ਛੇ ਵਜੇ ਖੁੱਲ੍ਹੇਗਾ ਤੇ ਰਾਤ ਗਿਆਰਾਂ ਵਜੇ ਤੱਕ ਚਾਲੂ ਰਹੇਗਾ। ਸਮੂਹ ਅਧਿਆਪਕ ਡੀਐੱਮ (ਆਈਸੀਟੀ) ਵੱਲੋਂ ਹਾਜ਼ਰੀ ਸ਼ੀਟਾਂ ਦੀ ਪ੍ਰਾਪਤੀ ਤੋਂ ਬਾਅਦ ਸਮੂਹ ਵਿਦਿਆਰਥੀਆਂ ਨੂੰ ਈ-ਪੰਜਾਬ ਆਈਡੀ ਨੋਟ ਕਰਵਾ ਕੇ ਗੂਗਲ ਸ਼ੀਟ ਵਿੱਚ ਭਰਨਾ ਸਿਖਾਉਣਗੇ ਤਾਂ ਕਿ ਵਿਦਿਆਰਥੀਆਂ ਦੀ ਸੌ ਫ਼ੀਸਦ ਭਾਗੀਦਾਰੀ ਨੂੰ ਸੰਭਵ ਬਣਾਇਆ ਜਾ ਸਕੇ। ਸਮੂਹ ਡੀਐੱਮ, ਬੀਐੱਮ ਤੇ ਸਕੂਲ ਮੁਖੀ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣਗੇ। ਡੀਐੱਮ (ਆਈਸੀਟੀ) 12 ਘੰਟਿਆਂ ਵਿੱਚ ਸਟੇਟ ਵੱਲੋਂ ਦਿੱਤੇ ਡਰਾਈਵ ਲਿੰਕ ਵਿੱਚ ਨਤੀਜੇ ਦਾ ਵਿਸ਼ਲੇਸ਼ਣ ਕਰਕੇ ਅਪਲੋਡਿੰਗ ਕਰਨਗੇ।