ਰਵੇਲ ਸਿੰਘ ਭਿੰਡਰ
ਪਟਿਆਲਾ, 1 ਸਤੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਿੱਖਿਆ ਸੁਧਾਰ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਾਰੇ 376 ਸੀਨੀਅਰ, ਹਾਈ ਤੇ ਮਿਡਲ ਸਕੂਲ ‘ਸਮਾਰਟ ਸਕੂਲ’ ਬਣ ਗਏ ਹਨ। ਸਿੱਖਿਆ ਵਿਭਾਗ ਵੱਲੋਂ ਤੈਅ ਕੀਤੇ ਮਾਪਦੰਡਾਂ ਤਹਿਤ ਜ਼ਿਲ੍ਹੇ ਦੇ 940 ਪ੍ਰਾਇਮਰੀ ਸਕੂਲਾਂ ’ਚੋਂ 876 ਸਕੂਲ ‘ਸਮਾਰਟ ਸਕੂਲ’ ਹੋ ਚੁੱਕੇ ਹਨ। ਬਾਕੀ ਰਹਿੰਦੇ 64 ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰੰਡਰ) ਹਰਿੰਦਰ ਕੌਰ ਨੇ ਦੱਸਿਆ ਕਿ ਸਮਾਰਟ ਸਕੂਲਾਂ ਦੇ ਮਾਪਦੰਡਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੀਆਂ ਤਕਨੀਕਾਂ ਅਤੇ ਗਤੀਵਿਧੀਆਂ ’ਤੇ ਆਧਾਰਿਤ ਸਿੱਖਣ-ਸਿਖਾਓੁਣ ਵਿਧੀਆਂ ਨੂੰ ਸਕੂਲ ਪੱਧਰ ’ਤੇ ਅਮਲੀ ਜਾਮਾ ਪਹਿਨਾਉਣ ਲਈ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਮਾਰਟ ਕਲਾਸ ਰੂਮ (ਪ੍ਰੋਜੈਕਟਰ ਤੇ ਐੱਲਈਡੀਜ਼), ਕਲਰ ਕੋਡਿੰਗ, ਸੁੰਦਰ ਗੇਟ, ਸਕੂਲ ਵਿੱਚ ਵਿੱਦਿਅਕ ਵਾਤਾਵਰਨ ਤਿਆਰ ਕਰਨ ਲਈ ਬਾਲਾ ਵਰਕ (ਬਿਲਡਿੰਗ ਐਜ ਲਰਨਿੰਗ ਏਡ), ਐੱਲਈਡੀ/ਕੰਪਿਊਟਰ ਲੈਬ, ਈ-ਕੰਟੈਂਟ, ਸੁੰਦਰ ਤੇ ਮਿਆਰੀ ਵਰਦੀ, ਟਾਈ, ਬੈਲਟ ਅਤੇ ਪਛਾਣ-ਪੱਤਰ ਸ਼ਾਮਲ ਹਨ।
ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਧਿਆਪਕਾਂ ਵੱਲੋਂ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।