ਖੇਤਰੀ ਪ੍ਰਤੀਨਿਧ
ਪਟਿਆਲਾ, 1 ਮਾਰਚ
ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਵਿਗਿਆਨ ਹਫ਼ਤਾ ਸਫਲਤਾ ਪੂਰਨ ਸਮਾਪਤ ਹੋ ਗਿਆ। ਸਮਾਪਤੀ ਸਮਾਗਮ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੁਆਂਟਮ ਭੌਤਿਕ ਵਿਗਿਆਨ ਦੇ ਵਿਸ਼ੇ ਉੱਤੇ ਮਹੱਤਵਪੂਰਨ ਭਾਸ਼ਣ ਦਿੱਤਾ ਗਿਆ। ਇਸ ਵਿਗਿਆਨ ਹਫ਼ਤੇ ਦੌਰਾਨ ਪ੍ਰਕਾਸ਼ਿਤ ਹੋਏ ਨਿਊਜ਼ ਲੈਟਰ ਦਾ ਪੰਜਾਬੀ ਅਤੇ ਅੰਗਰੇਜ਼ੀ ਰੂਪ ਆਪਣੀ ਸਮੱਗਰੀ ਦੇ ਮਿਆਰ ਅਤੇ ਵੰਨ-ਸੁਵੰਨਤਾ ਕਾਰਨ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਡਾਇਰੈਕਟਰ (ਲੋਕ ਸੰਪਰਕ) ਦਲਜੀਤ ਅਮੀ ਦੀ ਸੰਪਾਦਨਾ ਅਤੇ ਅੰਗਰੇਜ਼ੀ ਵਿਭਾਗ ਤੋਂ ਡਾ. ਨਵਜੋਤ ਖੋਸਲਾ ਦੀ ਸਹਿ-ਸੰਪਾਦਨਾ ਹੇਠ 10 ਵਿਭਾਗਾਂ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਤਿਆਰ ਕੀਤੇ ਗਏ, ਇਸ ਨਿਊਜ਼-ਲੈਟਰ ਦੇ ਸੱਤ ਅੰਕ ਜਾਰੀ ਹੋਏ। ਇਸ ਦੌਰਾਨ ਕਈ ਬਹੁਮੁੱਲੇ ਮੁੱਦਿਆਂ ਨੂੰ ਛੂਹਣ ਸਮੇਤ ਹੋਰ ਵਡਮੁੱਲੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ। ਇਸੇ ਦੌਰਾਨ ਮੂਲ ਰੂਪ ਵਿੱਚ ਵਿਗਿਆਨੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੁਆਂਟਮ ਭੌਤਿਕ ਵਿਗਿਆਨ ਦੇ ਹਵਾਲੇ ਨਾਲ ਕਿਹਾ ਕਿ ਵਿਗਿਆਨ ਕਦੇ ਵੀ ਖ਼ਤਮ ਨਹੀਂ ਹੁੰਦੀ। ਹਰ ਦਿਨ ਪੈਦਾ ਹੁੰਦੇ ਨਵੇਂ ਸਵਾਲ ਵਿਗਿਆਨ ਨੂੰ ਜ਼ਿੰਦਾ ਰੱਖਦੇ ਹਨ।