ਪੱਤਰ ਪ੍ਰੇਰਕ
ਸਮਾਣਾ, 7 ਮਾਰਚ
ਇਥੋਂ ਨੇੜਲੇ ਪਿੰਡ ਮਰੌੜੀ ਦਾ ਇੱਕ ਨੌਜਵਾਨ ਸਤਨਾਮ ਸਿੰਘ ਪੁੱਤਰ ਜੱਸਾ ਸਿੰਘ ਪਿਛਲੇ ਡੇਢ ਸਾਲ ਤੋਂ ਯੂਕਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ ਜਿਸ ਦੀ ਕਿ ਆਪਣੇ ਘਰ ਸਹੀ ਸਲਾਮਤ ਵਾਪਸੀ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰੰਘ ਨੇ ਦੱਸਿਆ ਕਿ ਸਾਡੀ ਯੂਨੀਵਰਸਿਟੀ ਵਿੱਚ ਕੁੱਲ 800 ਵਿਦਿਆਰਥੀ ਹਿੰਦੁਸਤਾਨ ਦੇ ਨਾਲ ਨਾਲ ਵੱਖ ਵੱਖ ਦੇਸ਼ਾ ਤੋਂ ਪੜ੍ਹਾਈ ਕਰਨ ਆਏ ਹੋਏ ਸਨ। ਸਾਨੂੰ ਸਾਰਿਆਂ ਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਬੱਚਿਆਂ ਦੀ ਬਹੁਤ ਮਦਦ ਕੀਤੀ ਅਤੇ ਬਾਰਡਰ ਪਾਰ ਕਰਵਾਉਣ ਤੱਕ ਸਾਡੇ ਨਾਲ ਰਹੇ। ਹਿੰਦੁਸਤਾਨ ਦੇ ਰਹਿਣ ਵਾਲੇ ਸੁਨੀਲ ਸਰ ਨੇ ਦਿੱਲੀ ਤੋਂ ਯੂਕਰੇਨ ਆ ਕੇ ਬੱਚਿਆਂ ਦੀ ਮਦਦ ਕੀਤੀ ਅਤੇ ਏਅਰ ਪੋਰਟ ਤੱਕ ਬੱਚਿਆਂ ਦੇ ਨਾਲ ਰਹੇ। ਸਤਨਾਮ ਸਿੰਘ ਨੇ ਦੱਸਿਆ ਕਿ ਯੂਕਰੇਨ ਤੋਂ ਸਿਧੀ ਫਲਾਈਟ ਮੁੰਬਈ ਉਤਰੀ ਜਿਥੇ ਕਿ ਸਾਰੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚ ਜ਼ਿਆਦਾਤਰ ਕੁੜੀਆਂ ਸਨ। ਇਨ੍ਹਾਂ ਕੋਲ ਮੁੰਬਈ ਤੋਂ ਘਰ ਜਾਣ ਲਈ ਇੱਕ ਰੁਪਈਆ ਵੀ ਨਹੀਂ ਸੀ। ਸਾਰੇ ਵਿਦਿਆਰਥੀਆਂ ਨੇ ਇੱਕ-ਦੂਜੇ ਦਾ ਸਾਥ ਦਿੱਤਾ ਪ੍ਰੰਤੂ ਮੁੰਬਈ ਵਿੱਚ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮੁੰਬਈ ਤੋਂ ਪਟਿਆਲਾ ਵਾਇਆ ਟਰੇਨ ਆਇਆ ਜਿਥੇ ਕਿ ਪਟਿਆਲਾ ਰੇਲਵੇ ਸਟੇਸ਼ਨ ’ਤੇ ਉਸ ਪਰਿਵਾਰਿਕ ਮੈਂਬਰ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਸ ਦੇ ਮਾਤਾ ਪਿਤਾ ਨੇ ਉਸ ਨੂੰ ਗਲ ਲਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।