ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 9 ਫਰਵਰੀ
ਹਲਕਾ ਸਨੌਰ ’ਚ ਉਮੀਦਵਾਰ ਭਾਵੇਂ ਕਈ ਹਨ, ਪਰ ਮੁੱਖ ਤੌਰ ’ਤੇ ਇਥੇ ਚਾਰ ਉਮੀਦਵਾਰ ਵਧੇਰੇ ਉਭਰੇ ਹਨ। ਇਨ੍ਹਾਂ ’ਚ ਹਰਿੰਦਰਪਾਲ ਚੰਦੂਮਾਜਰਾ (ਅਕਾਲੀ), ਹੈਰੀਮਾਨ (ਕਾਂਗਰਸ) ਤੇ ਹਰਮੀਤ ਪਠਾਣਮਾਜਰਾ (ਆਪ) ਸਣੇ ਬਿਕਰਮ ਚਹਿਲ (ਪੀਐੱਲਸੀ) ਸ਼ਾਮਲ ਹਨ। ਹਲਕੇ ਦੇ ਜਮਪਲ ਪਠਾਣਮਾਜਰਾ ਹੀ ਹਨ। ਪਿਛਲੀ ਵਾਰ ਵਿਧਾਇਕ ਚੰਦੂਮਾਜਰਾ ਧਿਰ ’ਚ ਨੇ ਭਾਵੇਂ ਆਪਣੇ ਪਿਤਾ ਪ੍ਰੇਮ ਸਿੰਘ ਚੰਦੂਮਾਜਰਾ ਦੀ ਮਦਦ ਨਾਲ ਕੇਂਦਰ ਵਿੱਚੋਂ ਫੰਡ ਜੁਟਾ ਕੇ ਖੇਤਰ ’ਚ ਕਈ ਪ੍ਰਾਜੈਕਟ ਵੀ ਲਿਆਂਦੇ ਪਰ ਫੇਰ ਵੀ ਵਿਰੋਧੀ ਧਿਰ ਵਾਲਾ ਵਿਧਾਇਕ ਹਲਕਾ ਵਾਸੀਆਂ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਨਹੀਂ ਕਰ ਸਕਦਾ। ਉਂਜ ਸਿਆਸਤ ਦੀ ਗੁੜਤੀ ਵਿਰਸੇ ’ਚੋਂ ਮਿਲੀ ਹੋਣ ਕਰਕੇ ਵਿਰੋਧੀ ਧਿਰ ਦਾ ਇਹ ਵਿਧਾਇਕ ਪੰਜੇ ਸਾਲ ਲੋਕਾਂ ਦੀ ਖਾਤਰ ਹਾਕਮ ਧਿਰ ਅੱਗੇ ਹਿੱਕ ਡਾਹ ਕੇ ਖੜ੍ਹਦਾ ਰਿਹਾ ਹੈ। ਹਰਿੰਦਰਪਾਲ ਦੇ ਪਿਤਾ ਪ੍ਰੇਮ ਸਿੰਘ ਚੰਦੂਮਾਜਰਾ ਵੀ ਪਹਿਲੀ ਵਾਰ 1985 ’ਚ ਇਸੇ ਖੇਤਰ ’ਚੋਂ ਵਿਧਾਇਕ ਬਣ ਕੇ ਸਹਿਕਾਰਤਾ ਮੰਤਰੀ ਬਣੇ ਸਨ, ਜੋ ਦੋ ਵਾਰ ਸੰਸਦ ਮੈਂਬਰ ਵੀ ਰਹੇ।
‘ਆਪ’ ਦੇ ਪਠਾਣਮਾਜਰਾ ਵੱਲੋਂ ਪਿਛਲੀ ਵਾਰ ਬਾਗੀ ਅਕਾਲੀ ਵਜੋਂ ਪੰਦਰਾਂ ਹਜ਼ਾਰ ਵੋਟਾਂ ਲਿਜਾਣ ਦੇ ਬਾਵਜੂਦ ਚੰਦੂਮਾਜਰਾ ਕਾਂਗਰਸ ਦੇ ਹੈਰੀਮਾਨ ਤੋਂ ਜਿੱੱਤ ਕੇ ਵਿਧਾਇਕ ਬਣੇ ਸਨ।ਉਧਰ, ਪਿਛਲੀ ਹਾਰ ਨੂੰ ਵੇਖਦਿਆਂ, ਕਾਂਗਰਸ ਦੇ ਹੈਰੀਮਾਨ ਨੇ ਪੰਜ ਸਾਲ ਨਿੱਠ ਕੇ ਕੰਮ ਕੀਤਾ। ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਹਨ ਤੇ ਵਰਕਰਾਂ ਲਈ ਢਾਲ਼ ਵੀ ਬਣੇ। 2019 ਦੀ ਲੋਕ ਸਭਾ ਚੋਣ ਦੌਰਾਨ ਸਨੌਰ ਹਲਕੇ ਚੋਂ ਕਾਂਗਰਸ ਨੂੰ ਮਿਲੀ 42 ਹਜ਼ਾਰ ਵੋਟਾਂ ਦੀ ਲੀਡ ਤਹਿਤ ਹੈਰੀਮਾਨ ਐਤਕੀਂ ਭਾਰੀ ਬਹੁਮਤ ਨਾਲ ਜਿੱਤਣ ਲਈ ਆਸਵੰਦ ਹਨ। ਉਨ੍ਹਾਂ ਆਪਣੀ ਚੋਣ ਮੁਹਿੰਮ ਨਿਖਾਰੀ ਹੋਈ ਹੈ। ਉਧਰ ਚੌਥੇ ਪ੍ਰਮੁੱਖ ਉਮੀਦਵਾਰ ਵਜੋਂ ਪੰਜਾਬ ਲੋਕ ਕਾਂਗਰਸ ਦੇ ਬਿਕਰਮ ਚਹਿਲ ਦੀ ਚੋਣ ਮੁਹਿੰਮ ਵੀ ਸਰਗਰਮੀ ਫੜ ਰਹੀ ਹੈ। ਉਹ ਹੋਰ ਉਮੀਦਵਾਰਾਂ ਨਾਲ ਪੂਰਾ ਭਿੜ ਰਹੇ ਹਨ। ਉਹ ਭਰਤਇੰਦਰ ਚਹਿਲ ਦੇ ਫਰਜੰਦ ਹਨ, ਜੋ ਜੋੜ ਤੋੜ ਦੇ ਮਾਹਿਰ ਹਨ। ਚਾਰਾਂ ਹੀ ਉਮੀਦਵਾਰਾਂ ਦੀ ਆਪੋ ਆਪਣੀ ਨਿਵੇਕਲੀ ਕਹਾਣੀ ਹੈ। ਉਧਰ, ‘ਆਪ’ ਦੀ ਟਿਕਟ ਦੇ ਚਾਰ ਹੋਰ ਦਾਅਵੇਦਾਰਾਂ ਇੰਦਰਜੀਤ ਸੰਧੂ, ਬਲਜਿੰਦਰ ਢਿੱਲੋਂ, ਰਣਜੋਧ ਹਡਾਣਾ ਤੇ ਬਲਦੇਵ ਸਿੰਘ ਦੀ ਨਾਰਾਜ਼ਗੀ ਕਾਰਨ ਭਾਵੇਂ ਸ਼ੁਰੂ ’ਚ ‘ਆਪ’ ਦੇ ਹਰਮੀਤ ਪਠਾਣਮਾਜਰਾ ਦੀ ਚੋਣ ਮੁਹਿੰਮ ਲੜਖੜਾਈ ਰਹੀ, ਪਰ ਪਾਰਟੀ ਹਾਈਕਮਾਂਨ ਦੀ ਦਖ਼ਲਅੰਦਾਜ਼ੀ ਨਾਲ਼ ਇਹ ਚਾਰੇ ਵੀ ਪਠਾਣਮਾਜਰਾ ਦੀ ਪਿੱਠ ’ਤੇ ਆ ਖਲੋਤੇ ਹਨ। ਹਲਕੇ ਦਾ ਜਮਪਲ ਹੋਣ ਦਾ ਵੀ ਉਸ ਨੂੰ ਲਾਹਾ ਮਿਲ ਰਿਹਾ ਹੈ। ਇਹ ਵੀ ਵੇਖਣਾ ਹੋਵੇਗਾ ਕਿ ਇਸ ਖੇਤਰ ’ਚੋਂ ਅੱਠ ਵਾਰ ਚੋਣ ਲੜ ਕੇ ਛੇ ਵਾਰ ਵਿਧਾਇਕ ਬਣੇ ਟਕਸਾਲੀ ਕਾਂਗਰਸੀ ਲਾਲ ਸਿੰਘ ਦਾ ਪ੍ਰਭਾਵ ਕਿਸ ਦੇ ਕੰਮ ਆਵੇਗਾ। ਸਿਆਸੀ ਚੁੱਪੀ ਧਾਰ ਕੇ ਮੋਤੀ ਮਹਿਲ ’ਚ ਬੈਠੇ ਚੌਥੀ ਵਾਰ ਦੇ ਐਮਪੀ ਪ੍ਰਨੀਤ ਕੌਰ ਦੀਆਂ ਗੋਟੀਆਂ ਵੀ ਆਪਣੇ ਰੰਗ ਦਿਖਾਉਣਗੀਆਂ।