ਅਸ਼ਵਨੀ ਗਰਗ
ਸਮਾਣਾ, 19 ਜੁਲਾਈ
ਇੱਥੇ ਟਰੈਫ਼ਿਕ ਪੁਲੀਸ ਦੀ ਸੁਸਤੀ ਕਾਰਨ ਟਰੈਫਿਕ ਦੀ ਸਮੱਸਿਆ ਕਾਫ਼ੀ ਗੰਭੀਰ ਬਣੀ ਹੋਈ ਹੈ। ਹਾਲਾਤ ਤਾਂ ਅਜਿਹੇ ਹਨ ਕਿ ਕਈ ਵਾਰ ਤਾਂ ਗੰਭੀਰ ਜ਼ਖ਼ਮੀ ਮਰੀਜ਼ਾਂ ਨੂੰ ਲੈ ਜਾ ਰਹੀ ਐਂਬੂਲੈਂਸ ਨੂੰ ਵੀ ਸਿਵਲ ਹਸਪਤਾਲ ਜਾਣ ਸਮੇਂ ਵੱਡੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਸਥਾਨਕ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ।
ਟਰੈਫਿਕ ਪੁਲੀਸ ਦੀ ਬੇਰੁਖੀ ਤੇ ਲਾਪ੍ਰਵਾਹੀ ਕਾਰਨ ਲੋਕਾਂ ਵੱਲੋਂ ਗਲਤ ਢੰਗ ਨਾਲ ਪਾਰਕ ਕੀਤੀਆਂ ਗੱਡੀਆਂ ਕਾਰਨ ਸਥਾਨਕ ਬੱਸ ਸਟੈਂਡ ਰੋਡ, ਤਹਿਸੀਲ ਰੋਡ, ਨਗਰ ਕੌਂਸਲ ਰੋਡ, ਵੜੈਚਾਂ ਰੋਡ ਤੇ ਗਾਂਧੀ ਗਰਾਊਂਡ ਰੋਡ ’ਤੇ ਅਕਸਰ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ ਜਦੋਂ ਗੰਭੀਰ ਬਿਮਾਰ ਜਾ ਫ਼ਿਰ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਸਥਾਨਕ ਸਿਵਲ ਹਸਪਤਾਲ ਲੈ ਜਾ ਰਹੀ ਐਂਬੂਲੈਂਸ ਨੂੰ ਵੀ ਕਈ-ਕਈ ਮਿੰਟ ਜਾਮ ਵਿੱਚ ਫਸਣਾ ਪੈਂਦਾ ਹੈ ਜਦੋਂ ਕਿ ਟਰੈਫਿਕ ਪੁਲੀਸ ਦੇ ਮੁਲਾਜ਼ਮ ਅਕਸਰ ਭਵਾਨੀਗੜ੍ਹ ਚੌਕ ਵਿੱਚ ਆਪਣੇ ਦਫ਼ਤਰ ਬੈਠੇ ਰਹਿੰਦੇ ਹਨ ਜਾਂ ਫ਼ਿਰ ਦੂਜੇ ਸੂਬਿਆਂ ਦੀਆਂ ਗੱਡੀਆਂ ਦੀ ਝਾਕ ਵਿੱਚ ਡਟੇ ਰਹਿੰਦੇ ਹਨ ਜਿਸ ਕਾਰਨ ਦਿਨੋਂ-ਦਿਨ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਦੀ ਜਾ ਰਹੀ ਹੈ।
ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ: ਡੀਐੱਸਪ
ਇਸ ਬਾਰੇ ਜਦੋਂ ਡੀਐੱਸਪੀ ਟਰੈਫਿਕ ਕਰਮਵੀਰ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵੱਲ ਤੁਰੰਤ ਧਿਆਨ ਦੇਣਗੇ ਤੇ ਸਮਾਣਾ ’ਚ ਕਿਸੇ ਵੀ ਤਰ੍ਹਾਂ ਦੀ ਟਰੈਫਿਕ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਵੀ ਮੁਲਾਜ਼ਮ ਦੀ ਲਾਪ੍ਰਵਾਈ ਪਾਈ ਗਈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।