ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਸਤੰਬਰ
ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਬਹੁਤਾਤ ਸੜਕਾਂ ਦੀ ਉਸਾਰੀ ਨਿੱਜੀ ਹੱਥਾਂ ਵਿਚ ਦੇਣ ਸਦਕਾ ਸੜਕਾਂ ’ਤੇ ਲੱਗੇ ਮਹਿੰਗੇ ਟੌਲ ਪਲਾਜ਼ੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਰਹੇ ਹਨ। ਪਿੰਡ ਗੋਬਿੰਦਪੁਰਾ ਪੈਂਦ ਦੀ ਪੰਚਾਇਤ ਨੇ ਖਨੌਰੀ ਵਾਲੇ ਪਾਸੇ ਜਾਣ ਲਈ ਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਲੱਗਦੇ ਟੌਲ ਤੋਂ ਨਿਜਾਤ ਦਿਵਾਉਣ ਤੇ ਪਿੰਡ ਨੂੰ ਕੌਮੀ ਮੁੱਖ ਮਾਰਗ ਨਾਲ ਜੋੜਨ ਲਈ ਕੱਚੇ ਰਸਤੇ ਉੱਤੇ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਿੰਡ ਦੀ ਸਰਪੰਚ ਬੀਬੀ ਸਰਬਜੀਤ ਕੌਰ ਅਤੇ ਸਮਾਜ ਸੇਵੀ ਗੁਰਵਿੰਦਰ ਸਿੰਘ, ਸਰਦਾਰਾ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਵਿਧਾਇਕ ਨਿਰਮਲ ਸਿੰਘ, ਏਡੀਸੀ ਡਾ. ਪ੍ਰੀਤੀ ਯਾਦਵ, ਬੀਡੀਪੀਓ ਪਾਤੜਾਂ ਪਰਮਜੀਤ ਕੌਰ ਅਤੇ ਸਮੂਹ ਸਟਾਫ ਦੇ ਉਦਮ ਸਦਕਾ ਪਿੰਡ ਤੋਂ ਜੋਗੇਵਾਲਾ ਤੱਕ ਜੋੜਨ ਵਾਲੀ ਸੜਕ ਨੂੰ ਕੇਂਦਰ ਦੀ ਮਗਨਰੇਗਾ ਸਕੀਮ ਤਹਿਤ ਬਣਵਾਇਆ ਜਾ ਰਿਹਾ ਹੈ। ਤਕਰੀਬਨ ਡੇਢ ਕਿਲੋਮੀਟਰ ਸੜਕ ਤੇ ਦੋ ਲੱਖ ਤੋਂ ਵੱਧ ਇੱਟਾਂ ਲੱਗਣੀਆਂ ਹਨ ਤੇ ਇਸ ਉੱਤੇ ਅੰਦਾਜ਼ਨ ਪੰਦਰਾਂ ਲੱਖ ਰੁਪਏ ਖਰਚ ਆਵੇਗਾ। ਇਹ ਸੜਕ ਬਣਨ ਨਾਲ ਪਿੰਡ ਵਾਸੀਆਂ ਨੂੰ ਪਿੰਡ ਦੀ ਹੀ ਜ਼ਮੀਨ ਵਿੱਚ ਲੱਗੇ “ਟੌਲ” ਪਲਾਜ਼ਾ ਤੋਂ ਨਿਜਾਤ ਮਿਲਣ ਦੇ ਨਾਲ-ਨਾਲ ਖਨੌਰੀ ਜਾਣ ਲਈ ਤਿੰਨ ਕਿਲੋਮੀਟਰ ਦੂਰੀ ਵੀ ਘਟ ਜਾਵੇਗੀ। ਇਸੇ ਦੌਰਾਨ ਕੁਝ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਅਕਸਰ ਹੀ ਖਨੌਰੀ, ਪਿੰਡ ਜੋਗੇਵਾਲਾ ਅਤੇ ਕੌਮੀ ਮੁੱਖ ਮਾਰਗ ਦੇ ਨਾਲ ਲੱਗਦੀਆਂ ਆਪਣੀਆਂ ਜ਼ਮੀਨਾਂ ਵਿੱਚ ਜਾਂ ਆਉਣ ਜਾਣ ਲਈ ਟੌਲ ਟੈਕਸ ਦੇਣਾ ਪੈਂਦਾ ਸੀ। ਗ੍ਰਾਮ ਪੰਚਾਇਤ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਉਤੇ ਪਿੰਡ ਵਾਸੀਆਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਹੈ। ਸੜਕ ਦਾ ਕੰਮ ਸ਼ੁਰੂ ਕਰਨ ਸਮੇਂ ਪੰਚਾਇਤ ਮੈਂਬਰ ਰਾਜਿੰਦਰ ਸਿੰਘ, ਗੁਰਮੀਤ ਕੌਰ, ਰਾਜ ਕੌਰ, ਰਿੰਕੂ ਕੁਮਾਰ, ਅੰਗਰੇਜ਼ ਕੌਰ, ਜਗਤਾਰ ਸਿੰਘ ਅਤੇ ਸਾਬਕਾ ਸਰਪੰਚ ਕਰਨੈਲ ਸਿੰਘ ਹਾਜ਼ਰ ਸਨ।