ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 1 ਜਨਵਰੀ
ਇਥੇ ਭੋਗਲਾਂ ਰੋਡ ’ਤੇ 31 ਦਸੰਬਰ ਦੀ ਸ਼ਾਮ ਗੋਲੀ ਮਾਰ ਕੇ ਅੰਡਾ-ਤਰੀ ਦੀ ਰੇਹੜੀ ਲਗਾਉਣ ਵਾਲੇ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਗੰਭੀਰ ਜ਼ਖ਼ਮੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਭੋਗਲਾਂ ਰੋਡ ਉੱਪਰ ਸੜਕ ‘ਤੇ ਹੀ ਕੁੱਝ ਰੇਹੜੀ ਵਾਲ਼ਿਆਂ ਵੱਲੋਂ ਅੰਡਾ-ਤਰੀ, ਮੀਟ ਵਗ਼ੈਰਾ ਬਣਾਇਆ ਜਾਂਦਾ ਹੈ। ਸ਼ਾਮ ਹੁੰਦੇ ਹੀ ਰੇਹੜੀਆਂ ਉੱਪਰ ਸ਼ਰਾਬ ਪੀਣ ਵਾਲ਼ਿਆਂ ਦੀ ਭੀੜ ਲੱਗ ਜਾਂਦੀ ਹੈ। ਬੀਤੀ ਸ਼ਾਮ 7 ਵਜੇ ਸੋਨੂੰ ਨਾਮਕ ਰੇਹੜੀ ਵਾਲ਼ੇ ਅਤੇ ਗ੍ਰਾਹਕ ਵਿਚਕਾਰ ਝਗੜਾ ਹੋ ਗਿਆ। ਗੱਲ ਮਾਰਕੁੱਟ ਤੱਕ ਪਹੁੰਚ ਗਈ। ਭੋਗਲਾਂ ਰੋਡ ਉੱਪਰ ਹੋਰ ਰੇਹੜੀ ਲਗਾਉਣ ਵਾਲ਼ੇ ਪਰਵਾਸੀ ਇਕੱਠੇ ਹੋ ਗਏ ਅਤੇ ਗਾਹਕ ਨੂੰ ਕੁੱਟਣ ਲੱਗੇ। ਇਸ ’ਤੇ ਗਾਹਕ ਨਾਲ ਆਏ ਸਾਥੀ ਨੇ ਰਿਵਾਲਵਰ ਵਿਚੋਂ ਫਾਇਰ ਕੀਤੇ। ਇਕ ਗੋਲ਼ੀ ਰਾਜੂ ਅੰਡਾ-ਤਰੀ ਦੀ ਰੇਹੜੀ ਵਾਲ਼ੇ ਦੇ ਵੱਜੀ, ਜਿਸ ਨੂੰ ਪੀਜੀਆਈ ਲੈ ਜਾਇਆ ਗਿਆ ਹੈ। ਉੱਧਰ ਪੁਲੀਸ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਸਬੰਧੀ ਜਦੋਂ ਰਾਜਪੁਰਾ ਦੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਘਟਨਾ ਬਾਰੇ ਜਾਣਕਾਰੀ ਨਾ ਹੋਣ ਬਾਰੇ ਕਿਹਾ। ਪੁਲੀਸ ਦੇ ਕੁੱਝ ਮੁਲਾਜ਼ਮ ਪੀਜੀਆਈ ਵਿਖੇ ਪੀੜਤ ਦਾ ਬਿਆਨ ਲੈਣ ਲਈ ਗਏ ਹੋਏ ਹਨ।