ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜੁਲਾਈ
ਕਿਸਾਨਾਂ ਦੀਆਂ ਫਸਲਾਂ ਸਿੰਜਣ ਲਈ ਸਿੰਜਾਈ ਵਿਭਾਗ ਵੱਲੋਂ ਪੱਕੇ ਕੀਤੇ ਅਰਨੌਲੀ ਮਾਈਨਰ ਵਾਲੇ ਰਜਵਾਹੇ ਨੇ ਦੋ ਮਹੀਨੇ ਵੀ ਨਾ ਕੱਢੇ ਤੇ ਟੁੱਟਣਾ ਸ਼ੁਰੂ ਹੋ ਗਿਆ। ਇਥੋਂ ਤੱਕ ਕਿ ਇਸ ਰਜਵਾਹੇ ਨੇ ਪਾਣੀ ਦੀ ਪਲੇਠੀ ਛੱਲ ਵੀ ਨਾ ਝੱਲੀ ਤੇ ਇਸ ਦਾ ਕੁਝ ਹਿੱਸਾ ਟੁੱਟਣਾ ਵੀ ਸ਼ੁਰੂ ਹੋ ਗਿਆ। ਭੁਨਰਹੇੜੀ ਕੋਲੋਂ ਦੀ ਹੋ ਕੇ ਸਰਕੜਾ ਫਾਰਮ ਰਾਹੀਂ ਅੱਗੇ ਜਾ ਨਿਕਲ਼ਦੇ ਇਸ ਰਜਵਾਹੇ ਨੂੰ ਅਰਨੌਲੀ ਮਾਈਨਰ ਵਜੋਂ ਜਾਣਿਆ ਜਾਂਦਾ ਹੈ। ਇਹ ਰਜਵਾਹਾ ਕੱਚਾ ਹੋਣ ਕਾਰਨ ਢੁਕਵੇਂ ਰੂਪ ’ਚ ਖੇਤਾਂ ਤੱਕ ਪਾਣੀ ਨਹੀਂ ਸੀ ਪਹੁੰਚਦਾ। ਕਿਸਾਨਾਂ ਦੀ ਮੰਗ ’ਤੇ ਸਰਕਾਰ ਵੱਲੋਂ ਇਸ ਰਜਵਾਹੇ ਨੂੰ ਪੱਕਾ ਕਰਨ ਲਈ 4.31 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਤੇ ਸਿੰਜਾਈ ਵਿਭਾਗ ਵੱਲੋਂ ਠੇਕੇਦਾਰਾਂ ਰਾਹੀਂ ਕਰੀਬ ਛੇ ਕਿਲੋਮੀਟਰ ਰਜਵਾਹੇ ਨੂੰ ਪੰਜ ਹਿੱਸਿਆਂ ਵਿੱਚ ਪੱਕਾ ਕਰਵਾਇਆ ਗਿਆ।
ਵੇਰਵਿਆਂ ਅਨੁਸਾਰ ਇਹ ਪੰਜੇ ਪੜਾਅ ਚਾਰ ਮਹੀਨਿਆਂ ’ਚ ਮੁਕੰਮਲ ਕੀਤੇ ਤੇ ਦੋ ਮਹੀਨੇ ਪਹਿਲਾਂ ਪੱਕਾ ਕਰ ਲਿਆ ਗਿਆ ਸੀ। ਪਰ ਕੁਝ ਦਿਨ ਪਹਿਲਾਂ ਜਦੋਂ ਇਸ ਰਜਵਾਹੇ ’ਚ ਪਹਿਲੀ ਵਾਰ ਪਾਣੀ ਛੱਡਿਆ ਗਿਆ, ਤਾਂ ਇਸ ਦੀ ਕੰਕਰੀਟ ਨਾਲ ਬਣਾਈ ਸਲੈਬ ਪਹਿਲੇ ਹੀ ਪਾਣੀ ਨਾਲ ਹੀ ਟੁੱਟਣੀ ਸ਼ੁਰੂ ਹੋ ਗਈ। ਇੱਕ ਅੰਦਾਜ਼ੇ ਮੁਤਾਬਕ ਵੱਖ ਵੱਖ ਥਾਵਾਂ ਤੋਂ ਟੁੱਟੀ ਇਸ ਦੀ ਕੰਕਰੀਟ ਦਾ ਕੁੱਲ ਏਰੀਆ ਇੱਕ ਕਿਲੋਮੀਟਰ ਦੇ ਕਰੀਬ ਬਣਦਾ ਹੋਵੇਗਾ। ਇਸ ਸਬੰਧੀ ਅਸਲੀ ਤੱਥ ਮੁਕੰਮਲ ਜਾਂਚ ਉਪਰੰਤ ਹੀ ਸਾਹਮਣੇ ਆਓਣਗੇ, ਪਰ ਮੁਢਲੇ ਰੂਪ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਜਵਾਹੇ ਨੂੰ ਪੱਕਾ ਕਰਨ ਲਈ ਢੁਕਵਾਂ ਮਟੀਰੀਅਲ ਨਹੀਂ ਵਰਤਿਆ ਗਿਆ। ਹਾਲਾਂਕਿ ਇਨ੍ਹਾਂ ਤੱਥਾਂ ਨੂੰ ਛੁਪਾਉਣ ਲਈ ਵਿਭਾਗ ਵੱਲੋਂ ਰਜਵਾਹੇ ਦੀ ਟੁੱਟੀ ਸਲੈਬ ਨੂੰ ਰਿਪੇਅਰ ਕਰਕੇ ਲੀਪਾਪੋਚੀ ਕੀਤੀ ਜਾ ਰਹੀ ਹੈ।
ਵਿਧਾਇਕ ਪਠਾਣਮਾਜਰਾ ਵੱਲੋਂ ਰਜਵਾਹੇ ਦਾ ਦੌਰਾ
ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਹਲਕਾ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਸ ਰਜਵਾਹੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮਸਲੇ ਨੂੰ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵਿੱਚ ਵਿਚਾਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਰਿਕਾਰਡ ਮੰਗਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਪਠਾਣਮਾਜਰਾ ਅਨਮੁਾਨ ਕਮੇਟੀ ਦੇ ਚੇਅਰਮੈਨ ਵੀ ਹਨ।