ਰਵੇਲ ਸਿੰਘ ਭਿੰਡਰ
ਪਟਿਆਲਾ, 25 ਜੂਨ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਪੂਟਾ ਵੱਲੋਂ ਲਗਾਇਆ ਜਾ ਰਿਹਾ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਇਹ ਧਰਨਾ ਅਧਿਆਪਕਾਂ ਦੀਆਂ ਮੰਗਾਂ, ਮਸਲਿਆਂ ਤੇ ਉਨ੍ਹਾਂ ਦੀਆਂ ਜੀਪੀਐੱਫ ਤੇ ਐੱਨਪੀਐੱਸ ਦੀਆਂ ਕਟੌਤੀਆਂ, ਪੈਨਸ਼ਨਰਜ਼ ਦੀਆਂ ਪੈਨਸ਼ਨਾਂ ਆਦਿ ਨੂੰ ਲੈ ਕੇ 2 ਜੂਨ ਤੋਂ ਲਗਾਤਾਰ ਜਾਰੀ ਹੈ।
ਰੋਸ ਧਰਨੇ ਦੌਰਾਨ ਅੱਜ ਵੀ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਅਪੀਲ ਕੀਤੀ ਕਿ ਯੂਨੀਵਰਸਿਟੀ ਇਸ ਵੇਲੇ ਜਿਹੋ ਜਿਹੇ ਵਿੱਤੀ ਦੌਰ ’ਚੋਂ ਲੰਘ ਰਹੀ ਹੈ ਉਸ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਖ਼ੁਦ ਹੀ ਅੱਗੇ ਵਧ ਕੇ ਦਖ਼ਲ ਦੇਣਾ ਚਾਹੀਦਾ ਹੈ।
ਅਧਿਆਪਕ ਸੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਕਾਂਸਟੀਚੁਐਂਟ ਕਾਲਜਾਂ ਦੀ ਬਣਦੀ ਸਾਲਾਨਾ ਗਰਾਂਟ ਦਾ ਬਕਾਇਆ ਪੰਜਾਬ ਸਰਕਾਰ ਤੁਰੰਤ ਰਿਲੀਜ਼ ਕਰੇ ਤਾਂ ਜੋ ਅਧਿਆਪਕਾਂ ਦੀਆਂ ਬਣਦੀਆਂ ਪਿਛਲੇ ਤਿੰਨ ਮਹੀਨੇ ਦੀਆਂ ਐੱਨਪੀਐੱਸ ਅਤੇ ਚਾਰ ਮਹੀਨਿਆਂ ਦੀਆਂ ਜੀਪੀਐੱਫ ਕਟੌਤੀਆਂ ਦੀ ਅਦਾਇਗੀ ਹੋ ਸਕੇ।
ਅਧਿਆਪਕ ਸੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਇਸ ਸਥਿਤੀ ’ਚੋਂ ਯੂਨੀਵਰਸਿਟੀ ਨੂੰ ਕੱਢਣ ਲਈ ਜਿੱਥੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੇ ਬਕਾਇਆਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਉੱਥੇ ਹੀ ਕੋਈ ਵਿਸ਼ੇਸ਼ ਵਿੱਤੀ ਪੈਕੇਜ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਦਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਟੌਤੀਆਂ ਤੋਂ ਬਿਨਾਂ ਮਈ ਮਹੀਨੇ ਦੀਆਂ ਤਨਖਾਹਾਂ ਪਾਉਣ ਲਈ ਵੀ ਯੂਨੀਵਰਸਿਟੀ ਨੂੰ ਸਾਰੇ ਕਾਲਜਾਂ ਵਿੱਚ ਰਾਖਵੇਂ ਰੱਖੇ ਹੁੰਦੇ ਪੀਟੀਏ ਫੰਡ, ਵਿਦਿਆਰਥੀ ਭਲਾਈ ਫੰਡ ਆਦਿ ਇਸ ਵਾਰ ਤਨਖ਼ਾਹਾਂ ਦੀ ਅਦਾਇਗੀ ਵਾਸਤੇ ਵਰਤਣੇ ਪਏ ਹਨ। ਜੇ ਇਹ ਰਾਸ਼ੀ ਮੁੜ ਕਾਲਜਾਂ ਨੂੰ ਵਾਪਸ ਨਾ ਕੀਤੀ ਗਈ ਤਾਂ ਵਿਦਿਆਰਥੀਆਂ ਦੇ ਅਕਾਦਮਿਕ ਤੇ ਬਹੁਪੱਖੀ ਵਿਕਾਸ ਵਿੱਚ ਇਨ੍ਹਾਂ ਫੰਡਾਂ ਦੀ ਘਾਟ ਅੜਿੱਕਾ ਬਣੇਗੀ। ਅਧਿਆਪਕ ਸੰਘ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲਦਾ ਓਨੀ ਦੇਰ ਸੰਘਰਸ਼ ਜਾਰੀ ਰਹੇਗਾ।