ਪੱਤਰ ਪ੍ਰੇਰਕ
ਪਟਿਆਲਾ, 27 ਅਕਤੂਬਰ
ਜੰਗਲਾਤ ਵਣ ਰੇਂਜ ਅਫ਼ਸਰ ਪਟਿਆਲਾ ਅੱਗੇ ਵਰਕਰਾਂ ਵੱਲੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ 8ਵੇਂ ਦਿਨ ਵੀ ਜਾਰੀ ਰਿਹਾ। ਵਣ ਰੇਂਜ ਅਫ਼ਸਰ ਪਟਿਆਲਾ ਵੱਲੋਂ ਬੀਬੀਆਂ ਨੂੰ ਨਾ ਕੰਮ ’ਤੇ ਲਾਇਆ ਹੈ ਨਾ ਹੀ ਪਿਛਲੇ ਕੀਤੇ ਗਏ ਕੰਮ ਦੀਆਂ ਰੁਕੀਆਂ ਤਨਖ਼ਾਹਾਂ ਦਿੱਤੀਆਂ ਹਨ। ਇਸ ਮੌਕੇ ਸੁਨੀਤਾ ਰਾਣੀ, ਦੁਰਗਾ ਦੇਵੀ, ਹਰਜੀਤ ਕੌਰ ਨੇ ਕਿਹਾ ਕਿ ਉਹ ਲਗਾਤਾਰ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਾਂ ਪਰ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪੱਖਪਾਤ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ। ਰੇਖਾ ਰਾਣੀ, ਸੱਤਿਆ ਦੇਵੀ, ਬਲਜੀਤ ਕੌਰ, ਸੰਤੋਖ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਨੇ ਸਾਨੂੰ ਇਨਸਾਫ਼ ਨਾ ਦਿੱਤਾ ਤਾਂ ਮਜਬੂਰਨ ਡੀਐੱਫਓ ਪਟਿਆਲਾ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਪਰਿਵਾਰਾਂ ਸਮੇਤ ਤਿੱਖਾ ਸੰਘਰਸ਼ ਕਰਨ ਉਪਰੰਤ ਮੋਤੀ ਬਾਗ਼ ਸਾਹਮਣੇ ਜਾ ਕੇ ਅਰਥੀ ਫੂਕਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਧਰਨੇ ਵਿੱਚ ਅੱਜ ਜ਼ੋਨ ਦੱਖਣ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਮੰਡਲ ਪ੍ਰਧਾਨ ਵੀਰਪਾਲ ਸਿੰਘ ਲੂੰਬਾ, ਸੂਬਾਈ ਆਗੂ ਜਸਵਿੰਦਰ ਸਿੰਘ ਸੌਜਾ, ਸਰਹਿੰਦ ਰੇਂਜ ਦੇ ਪ੍ਰਧਾਨ ਹਰਚਰਨ ਸਿੰਘ ਬਧੌਛੀ ਕਲਾਂ, ਅਮਰਜੀਤ ਸਿੰਘ ਬੁੱਗਾ, ਜਗਤਾਰ ਸਿੰਘ ਨਾਭਾ ਪੁੱਜੇ।