ਪੱਤਰ ਪ੍ਰੇਰਕ
ਪਟਿਆਲਾ ਮਿਤੀ 26 ਅਕਤੂਬਰ
ਦਫ਼ਤਰ ਵਣ ਰੇਂਜ ਅਫ਼ਸਰ ਪਟਿਆਲਾ ਦੇ ਸਾਹਮਣੇ ਕੰਮ ਤੋਂ ਵਿਤਕਰੇ ਦੀ ਭਾਵਨਾ ਨਾਲ ਕੰਮ ਤੋਂ ਹਟਾਈਆਂ ਗਈਆਂ ਲੇਡੀਜ਼ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਵਣ ਰੇਂਜ ਅਫ਼ਸਰ ਬਲਵੀਰ ਸਿੰਘ ਢਿੱਲੋਂ ਤੇ ਸਮੂਹ ਸਟਾਫ਼ ਦੇ ਵਿਰੁੱਧ ਲਗਾਤਾਰ ਛੇਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿਚ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇੱਥੇ ਮੌਜੂਦ ਦੁਰਗਾ ਦੇਵੀ ਸੱਤਿਆ ਦੇਵੀ ਸੁਨੀਤਾ ਰਾਣੀ, ਰੇਖਾ ਰਾਣੀ ਤੇ ਬਲਜੀਤ ਕੌਰ ਵੱਲੋਂ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸਰਕਲ ਜ਼ੋਨ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਅਤੇ ਮੰਡਲ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਨੇ ਕਿਹਾ ਕਿ ਰੇਂਜ ਅਫ਼ਸਰ ਪਟਿਆਲਾ ਨੂੰ ਕਰੋੜ ਤੋਂ ਵੱਧ ਫ਼ੰਡ ਅਪਰੈਲ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਪਰ ਅੜੀਅਲ ਵਤੀਰੇ ਕਾਰਨ ਬੀਬੀਆਂ ਨੂੰ ਜਾਣ-ਬੁੱਝ ਕੇ ਹੈਰਾਨ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੋਂ ਇਹ ਰੋਸ ਧਰਨਾ ਵਣ ਮੰਡਲ ਅਫ਼ਸਰ ਪਟਿਆਲਾ ਦੇ ਗੇਟ ਅੱਗੇ ਲਿਜਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਜੰਗਲਾਤ ਪ੍ਰਬੰਧਕਾਂ ਦੀ ਹੋਵੇਗੀ। ਪ੍ਰਧਾਨ ਮੰਡੌਲੀ ਨੇ ਕਿਹਾ ਕਿ ਬੀਬੀਆਂ ਇਸ ਕਰਕੇ ਕੰਮ ਤੋਂ ਹਟਾਈਆਂ ਗਈਆਂ ਹਨ ਕਿਉਂਕਿ ਉਨ੍ਹਾਂ ਨਾਲ ਜਾਤੀ ਵਿਤਕਰਾ ਕੀਤਾ ਜਾ ਰਿਹਾ ਹੈ।