ਪੱਤਰ ਪ੍ਰੇਰਕ
ਪਟਿਆਲਾ, 28 ਅਕਤੂਬਰ
ਵਣ ਮੰਡਲ ਪਟਿਆਲਾ ਦੀ ਵਣ ਰੇਂਜ ਪਟਿਆਲਾ ਦੇ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ 9ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਰੋਸ ਧਰਨੇ ’ਤੇ ਬੈਠੀਆਂ ਸੱਤਿਆ ਦੇਵੀ, ਦੁਰਗਾਵਤੀ, ਹਰਜੀਤ ਕੌਰ, ਬਲਜੀਤ ਕੌਰ, ਸੰਤੋਖ, ਸੁਨੀਤਾ ਰਾਣੀ, ਰੇਖਾ ਰਾਣੀ ਨੇ ਕਿਹਾ ਕਿ ਉਨ੍ਹਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਐੱਸਸੀ ਕਮਿਸ਼ਨ ਕੋਲ ਵੀ ਗੁਹਾਰ ਲਗਾਈ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਦਲਿਤ ਔਰਤਾਂ ਵੱਲੋਂ ਹੱਕੀ ਮੰਗਾਂ ਖ਼ਾਤਰ ਬੈਠ ਕੇ ਰੋਸ ਜਿਤਾਉਣਾ ਪੈ ਰਿਹਾ ਹੈ। ਜੇਕਰ ਜਲਦੀ ਉਨ੍ਹਾਂ ਨੂੰ ਬਹਾਲਨਾ ਕੀਤਾ ਗਿਆ ਤਾਂ ਮਜਬੂਰਨ ਵੱਡਾ ਕਦਮ ਚੁੱਕਿਆ ਜਾਵੇਗਾ। ਇਸ ਮੌਕੇ ਜ਼ੋਨ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਅਤੇ ਮੰਡਲ ਪ੍ਰਧਾਨ ਵੀਰਪਾਲ ਸਿੰਘ ਲੂੰਬਾ, ਰੇਂਜ ਆਗੂ ਨਰੇਸ਼ ਕੁਮਾਰ ਨੇ ਕਿਹਾ ਕਿ ਸਮੁੱਚੀ ਜਥੇਬੰਦੀ ਇਨ੍ਹਾਂ ਨਾਲ ਹੈ ਤੇ ਇਨ੍ਹਾਂ ਨੂੰ ਬਣਦਾ ਹੱਕ ਤੇ ਬਹਾਲ ਕਰਵਾ ਕੇ ਹੀ ਧਰਨਾ ਸਮਾਪਤ ਕਰਾਂਗੇ। ਨਹੀਂ ਤਾਂ ਜ਼ਿਲ੍ਹੇ ਦਾ ਧਰਨਾ ਇੱਥੇ ਜਲਦੀ ਹੀ ਲਾਇਆ ਜਾਵੇਗਾ। ਇਸ ਮੌਕੇ ਜੀਤ ਖਾ, ਸ਼ਿੰਗਾਰਾ ਸਿੰਘ ਵੀ ਹਾਜ਼ਰ ਸੀ। ਇਸ ਵੇਲੇ ਰੇਂਜ ਅਫ਼ਸਰ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੀਤਾ।