ਪੱਤਰ ਪ੍ਰੇਰਕ
ਪਟਿਆਲਾ, 7 ਜੁਲਾਈ
ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਪੰਜ ਜ਼ਿਲ੍ਹਿਆਂ ਦੀ ਸਾਊਥ ਸਰਕਲ ਪਟਿਆਲਾ ਕਮੇਟੀ ਵੱਲੋਂ ਫ਼ੀਲਡ ਸਟਾਫ਼ ਨੂੰ ਮੰਡਲ ਦਫ਼ਤਰਾਂ ਵਿੱਚੋਂ ਬਾਹਰ ਕੱਢਣ ਦੇ ਵਿਰੋਧ ਵਿਚ ਦਫ਼ਤਰ ਸਾਊਥ ਸਰਕਲ ਪਟਿਆਲਾ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਵਿਚ ਸਾਊਥ ਸਰਕਲ ਅਧੀਨ ਪੈਂਦੇ ਮੰਡਲ ਲੁਧਿਆਣਾ, ਪਟਿਆਲਾ, ਸੰਗਰੂਰ, ਮਾਲੇਰਕੋਟਲਾ ਅਤੇ ਮਾਨਸਾ ਦੇ ਸਮੂਹ ਸਾਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਵਣ ਵਿਭਾਗ ਦਾ ਕਾਰਜਕਾਰੀ ਅਮਲਾ ਪਹਿਲਾਂ ਹੀ ਫ਼ੀਲਡ ਮੁਲਾਜ਼ਮਾਂ ਦੀ ਘਾਟ ਕਾਰਨ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਇੱਕ ਇੱਕ ਵਣ ਗਾਰਡ ਨੂੰ ਦੋ ਤੋਂ ਤਿੰਨ ਬੀਟਾਂ ਦਾ ਚਾਰਜ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਜਥੇਬੰਦੀ ਵੱਲੋਂ ਇਸ ਸਬੰਧੀ ਵਣ ਮੰਡਲ ਅਫ਼ਸਰਾਂ ਅਤੇ ਵਣ ਪਾਲ ਸਾਊਥ ਸਰਕਲ ਨਾਲ ਲਿਖਾ ਪੜ੍ਹੀ ਕਰ ਕੇ ਮਾਮਲੇ ਦੇ ਹੱਲ ਸਬੰਧੀ ਮੰਗ ਕੀਤੀ ਜਾਂਦੀ ਰਹੀ ਹੈ। ਆਗੂਆਂ ਨੇ ਕਿਹਾ ਪੰਜਾਬ ਦੇ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਕਾਰਜਕਾਰੀ ਫ਼ੀਲਡ ਅਮਲਾ 24 ਘੰਟੇ ਸਾਲ ਦੇ 365 ਦਿਨ ਬਿਨਾਂ ਛੁੱਟੀ ਤੋਂ ਡਿਊਟੀ ਕਰ ਰਿਹਾ ਹੈ। ਇਸ ਦੇ ਉਲਟ ਫ਼ੀਲਡ ਸਟਾਫ਼ ਦਾ ਸਾਥ ਦੇਣ ਦੀ ਬਜਾਇ ਅਫ਼ਸਰਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਅਤੇ ਵਾਤਾਵਰਨ ਸਬੰਧੀ ਨਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਫ਼ੀਲਡ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ।
ਮੰਡਲ ਸੁਪਰਡੈਂਟ ਵੱਲੋਂ ਵਣ ਪਾਲ ਸਾਊਥ ਸਰਕਲ ਦੇ ਪ੍ਰਤੀਨਿਧ ਵਜੋਂ ਜਥੇਬੰਦੀ ਦਾ ਮੰਗ ਪੱਤਰ ਪ੍ਰਾਪਤ ਕਰ ਕੇ ਵਣ ਮੰਡਲ ਅਫ਼ਸਰਾਂ ਵੱਲੋਂ ਅੱਜ ਕੀਤੇ ਫ਼ੀਲਡ ਸਟਾਫ਼ ਨੂੰ ਦਫ਼ਤਰਾਂ ’ਚੋ ਬਾਹਰ ਕੱਢਣ ਦੇ ਆਰਡਰ ਜਥੇਬੰਦੀ ਦੇ ਆਗੂਆਂ ਨੂੰ ਸੌਂਪੇ।