ਪਟਿਆਲਾ: ਪੀਐਸਪੀਸੀਐਲ 500 ਮੈਗਾਵਾਟ ਸੋਲਰ ਪਾਵਰ ਪ੍ਰਾਜੈਕਟ ਲਾਉਣ ਜਾ ਰਿਹਾ ਹੈ। ਇਸ ਦੀ ਖ਼ਰੀਦ ਲਈ ਦੋ ਟੈਂਡਰ ਵੀ ਜਾਰੀ ਕੀਤੇ ਗਏ ਹਨ। ਇਸ ਵਿੱਚੋਂ 250 ਮੈਗਾਵਾਟ ਸੋਲਰ ਪਾਵਰ ਭਾਰਤ ਵਿੱਚ ਸਥਿਤ ਕਿਸੇ ਵੀ ਸੋਲਰ ਪਾਵਰ ਪ੍ਰਾਜੈਕਟਾਂ ਤੋਂ ਖ਼ਰੀਦਣ ਦੀ ਯੋਜਨਾ ਬਣਾਈ ਗਈ ਹੈ। ਇਸ ਦੀ ਕੀਮਤ 2.50 ਰੁਪਏ ਪ੍ਰਤੀ ਕਿਲੋਵਾਟ ਹੈ ਜਦੋਂਕਿ ਬਾਕੀ 250 ਮੈਗਾਵਾਟ ਸੋਲਰ ਊੂਰਜਾ ਪੰਜਾਬ ਵਿੱਚ ਸਥਿਤ ਕਿਸੇ ਵੀ ਸੋਲਰ ਪਾਵਰ ਪ੍ਰਾਜੈਕਟਾਂ ਤੋਂ 2.70 ਰੁਪਏ ਪ੍ਰਤੀ ਕਿਲੋਵਾਟ ਦੀ ਦਰ ਨਾਲ ਖ਼ਰੀਦੀ ਜਾਵੇਗੀ। ਸੀਐਮਡੀ/ਪੀਐਸਪੀਸੀਐਲ ਸ੍ਰੀ ਏ.ਵੇਣੂ ਪ੍ਰਸਾਦ ਦਾ ਕਹਿਣਾ ਹੈ ਕਿ ਇਹ ਕਦਮ ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਊਰਜਾ ਦੇ ਨਵਿਆਉਣਯੋਗ ਸਰੋਤਾਂ ਨੂੰ ਵਿਕਸਿਤ ਅਤੇ ਉਤਸ਼ਾਹਿਤ ਵੀ ਕਰੇਗਾ। ਪਾਵਰਕੌਮ ਮੈਨੇਜਮੈਂਟ ਦਾ ਤਰਕ ਹੈ ਕਿ ਸੌਰ ਊੂਰਜਾ ਸਸਤੀ ਅਤੇ ਭਰੋਸੇਯੋਗ ਸਰੋਤ ਹੋਣ ਦੇ ਨਾਲ ਨਾਲ ਸਾਫ਼-ਸੁਥਰੀ ਅਤੇ ਵਾਤਾਵਰਨ ਪੱਖੀ ਵੀ ਹੈ, ਜੋ ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸਹਾਈ ਹੋਵੇਗੀ। -ਖੇਤਰੀ ਪ੍ਰਤੀਨਿਧ