ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਰਾਜ ’ਚ ਚੋਣ ਜ਼ਾਬਤੇ ਲੱਗਣ ਤੋਂ ਦੋ ਦਿਨਾਂ ਮਗਰੋਂ ਵੀ ਸ਼ਹਿਰ ਤੇ ਇਲਾਕੇ ’ਚ ਰਾਜਨੀਤਕ ਆਗੂਆਂ ਦੀਆਂ ਫੋਟੋਆਂ ਵਾਲ਼ੇ ਪੋਸਟਰ ਲੱਗੇ ਹੋਏ ਹਨ। ਇਨ੍ਹਾਂ ’ਚ ਤਕਰੀਬਨ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਪੋਸਟਰ ਸ਼ਾਮਲ ਹਨ। ਪਟਿਆਲਾ ਸ਼ਹਿਰ ਦੀ ਹੀ ਗੱਲ ਕਰੀਏ ਤਾਂ ਇਥੇ ਵੀ ਲਗਪਗ ਸਾਰੀਆਂ ਹੀ ਪਾਰਟੀਆਂ ਦੇ ਪੋਸਟਰ ਅਜੇ ਵੀ ਲੱਗੇ ਹੋਏ ਹਨ। ਇਨ੍ਹਾਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਵੀ ਸ਼ਾਮਲ ਹਨ। ਚੰਨੀ ਦਾ ਪੋਸਟਰ ਪੰਜਾਬ ਵਾਸੀਆਂ ਨੂੂੰ ਸਸਤੀ ਬਿਜਲੀ ਦੇਣ ਦਾ ਹੈ। ਮੁੱਖ ਮੰਤਰੀ ਦਾ ਤਾਂ ਕੁਝ ਹੋਰ ਵੱਡੇ ਹੋਰਡਿੰਗ ਤੇ ਪੋਸਟਰ ਆਦਿ ਵੱਖ ਵੱਖ ਥਾਈਂ ਲੱਗੇ ਹੋਏ ਹਨ। ਉਂਜ ਮੁੱਖ ਮੰਤਰੀ ਦੇ ਪਿਛਲੇ ਦਿਨੀਂ ਸਭ ਤੋਂ ਵੱਧ ਪੋਸਟਰ ਲੱਗੇ। ਕਿਹਾ ਜਾ ਸਕਦਾ ਹੈ ਕਿ ਚਰਨਜੀਤ ਚੰਨੀ ਨੇ ਕੁਝ ਹੋਰ ਮਾਮਲਿਆਂ ਦੀ ਤਰ੍ਹਾਂ ਪੋਸਟਰ ਤੇ ਹੋਰਡਿੰਗ ਲਾਉਣ ’ਚ ਵੀ ਸਾਰੇ ਰਿਕਾਰਡ ਹੀ ਤੋੜ ਦਿੱਤੇ। ਸ਼ਾਇਦ ਹੀ ਇਸ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਦੇ ਇੰਨੇ ਪੋਸਟਰ ਲੱਗੇ ਹੋਣ। ਇਸੇ ਤਰ੍ਹਾਂ ਕਾਂਗਰਸ ਦੇ ਹੀ ਕੁਝ ਹੋਰ ਆਗੂਆਂ ਦੇ ਵੀ ਅਜੇ ਹੋਰਡਿੰਗ ਲੱਗੇ ਹਨ। ਇਨ੍ਹਾਂ ’ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੋਸਟਰ ਵੀ ਸ਼ਾਮਲ ਹਨ। ਨਵੇਂ ਸਾਲ ਦੀ ਵਧਾਈ ਦਿੰਦਾ ਹੋਰਡਿੰਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ’ਤੇ ਉਨ੍ਹਾਂ ਦੇ ਫਰਜ਼ੰਦ ਮੋਹਿਤ ਮਹਿੰਦਰਾ ਸਮੇਤ ਕਈ ਹੋਰ ਕਾਂਗਰਸ ਆਗੂਆਂ ਦੀਆਂ ਵੀ ਤਸਵੀਰਾਂ ਵੀ ਹਨ। ਐਤਕੀਂ ਚਰਚਾ ਹੈ ਕਿ ਅੱਠ ਵਾਰ ਚੋਣ ਲੜਕੇ ਛੇ ਵਾਰ ਵਿਧਾਇਕ ਬਣ ਚੁੱਕੇ ਬ੍ਰਹਮ ਮਹਿੰਦਰਾ ਦੀ ਵਜਾਏ ਪਟਿਆਲਾ ਦਿਹਾਤੀ ਹਲਕੇ ਤੋਂ ਉਨ੍ਰਾ ਦਾ ਸਪੁੱਤਰ ਮੋਹਿਤ ਮਹਿੰਦਰਾ ਚੋਣ ਲੜ ਸਕਦਾ ਹੈੇ।
ਇਸੇ ਦੌਰਾਨ ਹੋਰਡਿੰਗ ਦੇ ਮਾਮਲੇ’ਚ ਆਪ ਵੀ ਪਿੱਛੇ ਨਹੀਂ ਹੈ। ਆਪ ਦੇ ਵੱਡੇ ਵੱਡੇ ਹੋਰਡਿੰਗ ਸ਼ਹਿਰ ’ਚ ਅਜੇ ਵੀ ਨਜ਼ਰ ਆ ਰਹੇ ਹਨ। ਅਜਿਹੇ ਹੋਰਡਿੰਗ ’ਤੇ ਤਾਂ ਸਾਫ਼ ਰੂਪ ’ਚ ਵੋਟਾਂ ਦੀ ਮੰਗ ਕੀਤੀ ਗਈ ਹੈ। ਅਰਵਿੰਦ ਕੇਜਰੀਵਾਲ਼ ਦੀ ਫੋਟੋ ਵਾਲੇ ਇਸ ਹੋਰਡਿੰਗ ’ਤੇ ਮੋਟੇ ਅੱਖਰਾਂ ’ਚ ਲਿਖਿਆ ਹੈ ਕਿ ‘ਹੁਣ ਇੱਕ ਮੌਕਾ ਕੇਜਰੀਵਾਲ ਨੂੰ’ ਇਸ ਦੇ ਹੇਠਾਂ ਆਮ ਆਦਮੀ ਪਾਰਟੀ ਲਿਖਿਆ ਹੋਇਆ ਹੈ ਤੇ ਨਾਲ ਹੀ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਵੀ ਹੈੇ। ਇਸ ਤੋਂ ਇਲਾਵਾ ਕੁਝ ਥਾਂਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ਼ ਸਬੰਧਿਤ ਅਤੇ ਕੁਝ ਥਾਈਂ ਅਕਾਲੀ ਦਲ ਤੇ ਬਸਪਾ ਦੇ ਵੀ ਅਜੇ ਹੋਰਡਿੰਗ ਤੇ ਪੋਸਟਰ ਨਹੀਂ ਉਤਾਰੇ ਗਏ। ਉਂਜ ਜ਼ਿਲ੍ਹੇ ਭਰ ਵਿਚੋਂ ਅਨੇਕਾਂ ਹੀ ਹੋਰਡਿੰਗ ਤੇ ਪੋਸਟਰ ਉਤਾਰ ਵੀ ਦਿੱਤੇ ਗਏ ਹਨ ਪਰ ਕਈ ਥਾਂਵਾਂ ’ਤੇ ਅਜੇ ਵੀ ਮੌਜੂਦ ਹਨ।