ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਫਰਵਰੀ
ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ‘ਪੋਸਟਰ ਸਿਰਜਣ ਮੁਕਾਬਲਾ’ ਕਰਵਾਇਆ ਗਿਆ। ‘ਮਾਂ ਬੋਲੀ ਦੀ ਮਹੱਤਤਾ‘ ਵਿਸ਼ੇ ਉੱਪਰ ਇਹ ਮੁਕਾਬਲਾ ਕਲਾ ਭਵਨ ਬਾਹਰ ਮੈਦਾਨ ਵਿਚ ਕਰਵਾਇਆ ਗਿਆ, ਜਿਸ ਵਿਚ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਮਾਤ-ਭਾਸ਼ਾ ਦਿਵਸ ਦੇ ਇਤਹਾਸ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਮਾਤ-ਭਾਸ਼ਾ ਸਬੰਧੀ ਕਦੇ ਵੀ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ ਬਲਕਿ ਸਾਨੂੰ ਹਰ ਜਗ੍ਹਾ ਮਾਣ ਨਾਲ ਆਪੋ ਆਪਣੀ ਮਾਤ-ਭਾਸ਼ਾ ਬੋਲਣੀ ਚਾਹੀਦੀ ਹੈ। ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅੰਬਾਲਿਕਾ ਸੂਦ ਜੈਕੋਬ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਜਸਪਾਲ ਦਿਓਲ ਅਤੇ ਡਾ. ਗੁਰਸੇਵਕ ਲੰਬੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਇਸ ਮੁਕਾਬਲੇ ’ਚੋਂ ਪੰਜ ਉੱਤਮ ਸਿਰਜਨਾਵਾਂ ਨੂੰ 19 ਫਰਵਰੀ ਨੂੰ ਪੰਜਾਬੀ ਭਾਸ਼ਾ ਕਨਵੈਨਸਨ ਵਿਚ ਸਨਮਾਨਿਤ ਕੀਤਾ ਜਾਵੇਗਾ।