ਖੇਤਰੀ ਪ੍ਰਤੀਨਿਧ
ਪਟਿਆਲਾ, 9 ਸਤੰਬਰ
ਪਟਿਆਲਾ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਅਤੇ ਜ਼ਿਲ੍ਹਾ ਸਿਖਲਾਈ ਸਕੂਲ ਪਟਿਆਲਾ ਵੱਲੋਂ ਐੱਸ.ਪੀ. ਹੈੱਡਕੁਆਰਟਰ ਪਟਿਆਲਾ ਹਰਵੰਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸਿਖਲਾਈ ਸਕੂਲ ਪਟਿਆਲਾ ਵਿੱਚ ਥਾਣਿਆਂ ਵਿੱਚ ਤਾਇਨਾਤ ਪੁਲੀਸ ਮਲਾਜ਼ਮਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਨਾਲ ਅੱਜ-ਕੱਲ੍ਹ ਸਾਈਬਰ ਕ੍ਰਾਈਮ ਅਤੇ ਆਨਲਾਈਨ ਠੱਗੀਆਂ ਵਧ ਰਹੀਆਂ ਹਨ ਜਾਂ ਸੋਸ਼ਲ ਮੀਡੀਆ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਗੈਰ ਕਾਨੂੰਨੀ ਹਰਕਤਾਂ ਕੀਤੀਆਂ ਜਾਂਦੀਆਂ ਹਨ, ਅਜਿਹੇ ਵਿੱਚ ਸਾਈਬਰ ਕ੍ਰਾਈਮ ਸੈੱਲ ਦੇ ਨਾਲ-ਨਾਲ ਥਾਣਿਆਂ ਨੂੰ ਵੀ ਅਜਿਹੇ ਅਪਰਾਧਾਂ ਦਾ ਪਤਾ ਲਗਾਉਣ ਲਈ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਮਾਹਿਰਾਂ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਅੱਜ ਸਾਈਬਰ ਕ੍ਰਾਈਮ ਸੈੱਲ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਸਿਖਲਾਈ ਸਕੂਲ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਮੰਗਲਜੀਤ ਕੌਰ ਨੇ ਹਰ ਇਕ ਥਾਣੇ ਵਿੱਚੋਂ ਇੱਕ-ਇੱਕ ਮਲਾਜ਼ਮ ਨੂੰ ਸੱਦ ਕੇ ਸਾਈਬਰ ਕ੍ਰਾਈਮ ਦਾ ਪਤਾ ਲਾਉਣ ਲਈ ਵਰਤੇ ਜਾਣ ਵਾਲੇ ਸਾਫਟਵੇਅਰਾਂ ਤੇ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸਾਫਟਵੇਅਰ ਤੇ ਐਪਲੀਕੇਸ਼ਨਾਂ ਵਰਤਣ ਲਈ ਪੂਰੀ ਸਿਖਲਾਈ ਦਿੱਤੀ ਗਈ। ਉਨ੍ਹਾਂ ਨੂੰ ਹੋਰ ਵੀ ਕਈ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹਰ ਰੋਜ਼ ਦੀ ਕਾਰਵਾਈ ਵਿੱਚ ਇਸ ਸਿਖਲਾਈ ਨੂੰ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ।