ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 18 ਅਕਤੂਬਰ
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ (ਸੇਵਾਮੁਕਤ ਡੀਐੱਸਪੀ) ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਬਾਰਾਂਦਰੀ ਸਥਿਤ ਦਫ਼ਤਰ ਵਿਚ ਹੋਈ। ਇਸ ਵਿਚ ਸ਼ਾਮਲ ਸਮੂਹ ਮੈਂਬਰਾਂ ਨੇ ਲੰਬੇ ਸਮੇਂ ਤੋਂ ਲਮਕ ਅਵਸਥਾ ’ਚ ਪਈਆਂ ਆਪਣੀਆਂ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਇਸ ਜਥੇਬੰਦੀ ਵਿਚ ਸਾਬਕਾ ਸਿਪਾਹੀ ਤੋਂ ਲੈ ਕੇ ਸਾਬਕਾ ਉੱਚ ਅਧਿਕਾਰੀਆਂ ਤੱਕ ਦੇ ਨੁਮਾਇੰਦੇ ਸੰਸਥਾ ਦੇ ਮੈਂਬਰਾ ਅਤੇ ਅਹੁਦੇਦਾਰਾਂ ਵਜੋਂ ਸ਼ਾਮਲ ਹਨ।
ਇਸ ਮੀਟਿੰਗ ਨੂੰ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਸਣੇ ਮਨਜੀਤ ਸਿੰਘ ਬਰਾੜ, ਨਾਹਰ ਸਿੰਘ ਫਤਿਹਮਾਜਰੀ, ਅਮਰਜੀਤ ਸਿੰਘ ਗਿੱਲ, ਦਰਸ਼ਨਜੀਤ ਸਿੰਘ, ਕਰਨੈਲ ਸਿੰਘ, ਪ੍ਰੇਮਚੰਦ ਪੰਜੋਲਾ ਆਦਿ ਨੇ ਵੀ ਸੰਬੋਧਨ ਕੀਤਾ। ਨਾਹਰ ਸਿੰਘ ਮਾਜਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਬਹੁਤੀਆਂ ਮੰਗਾਂ ਤਾਂ ਸਾਂਝੀਆਂ ਹੀ ਹਨ। ਇਨ੍ਹਾਂ ਵਿੱਚੋਂ ਕਈ ਮੰਗਾਂ ਅਜਿਹੀਆਂ ਵੀ ਹਨ, ਜੋ ਕਾਨੂੰਨੀਨੁਕਤਾ ਨਿਗਾਹ ਸਣੇ ਹਰ ਪੱਖ ਤੋਂ ਮੰਨਣਯੋਗ ਹਨ। ਇਸ ਪਾਸੇ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ। ਐਸਪੀ ਮਨਜੀਤ ਬਰਾੜ ਅਤੇ ਪ੍ਰੇਮ ਚੰਦ ਪੰਜੋਲ਼ਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੁਲੀਸ ਵਾਲਿਆਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦਿਆਂ, ਤਰਜੀਹੀ ਤੌਰ ’ਤੇ ਮੰਨਿਆ ਅਤੇ ਪ੍ਰ੍ਰਵਾਨ ਕੀਤਾ ਜਾਵੇ।