ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਾਰਚ
ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦਿਆਂ ਜ਼ਿਲ੍ਹੇ ਭਰ ’ਚ ਲਾਏ ਗਏ ਰਾਤ ਦੇ ਕਰਫਿਊ ਨੂੂੰ ਲਾਗੂ ਕਰਵਾਉਣ ਸਮੇਤ ਹੋਰ ਸਖਤੀਆਂ ਕੀਤੀਆਂ ਗਈਆਂ ਹਨ। ਕਰੋਨਾ ਦੀ ਲਾਗ ਨੂੰ ਰੋਕਣ ਲਈ ਲਾਜ਼ਮੀ ਕੀਤੇ ਗਏ ਮਾਸਕ ਨਾ ਲਾਉਣ ਵਾਲ਼ਿਆਂ ਨੂੰ ਪੁਲੀਸ ਲੰਬੇ ਹੱਥੀਂ ਲੈ ਰਹੀ ਹੈ ਜਿਸ ਤਹਿਤ ਜ਼ਿਲ੍ਹੇ ’ਚ 4 ਮਾਸਕ ਨਿਗਰਾਨੀ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਪਟਿਆਲੇ, ਰਾਜਪੁਰਾ, ਸਮਾਣਾ ਅਤੇ ਨਾਭਾ ਸ਼ਹਿਰਾਂ ਵਿਚ ਸਰਗਰਮ ਰਹਿਣਗੀਆਂ। ਕਰੋਨਾ ਸਬੰਧੀ ਨਿਯਮਾਂ ਅਤੇ ਕਰਫਿਊ ਦਾ ਉਲੰਘਣ ਕਰਨ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤੱਕ ਇੱਕ ਹਜ਼ਾਰ ਦੇ ਕਰੀਬ ਕੇਸ ਦਰਜ ਕਰਕੇ 1312 ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਕੋਵਿਡ ਨਾਲ ਸਬੰਧਤ ਵੱਖ ਵੱਖ ਉਲੰਘਣਾਵਾਂ ਲਈ 38944 ਚਲਾਨ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲੀਸ ਨੇ ਸਵਾ ਸੌ ਤੋਂ ਵੱਧ ਵਾਹਨ ਵੀ ਜ਼ਬਤ ਕੀਤੇ ਹਨ। ਐਸਐਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠਾਂ ਇਹ ਟੀਮਾਂ ਲੋਕਾਂ ਨੂੰ ਮਾਸਕ ਵੀ ਵੰਡ ਰਹੀਆਂ ਹਨ। ਡਾਕਟਰਾਂ ਦੇ ਹਵਾਲੇ ਨਾਲ਼ ਪੁਲੀਸ ਮੁਖੀ ਨੇ ਗਰਮੀਆਂ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ।