ਪੱਤਰ ਪ੍ਰੇਰਕ
ਪਟਿਆਲਾ, 26 ਅਗਸਤ
ਪਟਿਆਲਾ ਸ਼ਹਿਰੀ ਤੋਂ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੰਸਦ ਮੈਂਬਰ ਪ੍ਰਨੀਤ ਕੌਰ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਪਰਿਵਾਰ ਕੋਲੋਂ 20 ਸਾਲਾਂ ਦਾ ਹਿਸਾਬ ਮੰਗ ਰਹੇ ਹਨ, ਕਿਉਂਕਿ ਪ੍ਰਨੀਤ ਕੌਰ 20 ਸਾਲ ਸੰਸਦ ਮੈਂਬਰ ਰਹੇ, ਜਦਕਿ ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ ਅਤੇ 4 ਵਾਰ ਵਿਧਾਇਕ ਬਣੇ। ਇਸੇ ਦੌਰਾਨ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਤੇ ਦਿਹਾਤੀ ਪ੍ਰਧਾਨ ਮੇਘਚੰਦ ਸ਼ੇਰਮਾਜਰਾ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਪ੍ਰਨੀਤ ਕੌਰ ਨੂੰ ਜਵਾਬ ਦਿੱਤਾ। ਮਹਿਲਾਵਾਂ ਨੂੰ ਇਕ ਹਜ਼ਾਰ ਪੈਨਸ਼ਨ ਦੇਣ ਦੇ ਬਿਆਨ ’ਤੇ ਵਿਧਾਇਕ ਕੋਹਲੀ ਨੇ ਕਿਹਾ ਕਿ ਕੈਪਟਨ ਪਰਿਵਾਰ ਕੋਲ ਇੰਨੀ ਤਾਕਤ ਰਹਿਣ ਦੇ ਬਾਵਜੂਦ ਉਨ੍ਹਾਂ ਪਟਿਆਲਾ ਲਈ ਇੱਕ ਵੀ ਪ੍ਰਾਜੈਕਟ ਨਹੀਂ ਲਿਆਂਦਾ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਸਮਾਰਟ ਫੋਨ, ਬੇਘਰਿਆਂ ਨੂੰ ਘਰ ਦੇਣ, ਹਰ ਘਰ ਨੌਕਰੀ ਸਮੇਤ ਕਈ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ’ਚੋਂ ਇੱਕ ਵੀ ਵਫ਼ਾ ਨਹੀਂ ਹੋਇਆ, ਜਦਕਿ ‘ਆਪ’ ਸਰਕਾਰ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਹੁਣ ਤੋਂ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਕਾਰਜਕਾਲ ਦੌਰਾਨ ਪਟਿਆਲਾ ਸ਼ਹਿਰ ਦੀ ਰਾਜਿੰਦਰਾ ਝੀਲ, ਵਾਟਰ ਕੈਨਾਲ ਪ੍ਰਾਜੈਕਟ, ਡੇਅਰੀ ਪ੍ਰਾਜੈਕਟ ਸਮੇਤ ਸਾਰੇ ਪ੍ਰਾਜੈਕਟ ਅਧੂਰੇ ਰਹੇ।