ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ ਘਨੌਰ, 17 ਫਰਵਰੀ
ਘਨੌਰ ਤੋਂ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਵੱਖ-ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਲੋਕਾਂ ਨਾਲ਼ ਤਾਂ ਜਲਾਲਪੁਰ ਪਰਿਵਾਰ ਦਾ ਨਹੁੰ ਮਾਸ ਵਾਲ਼ਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਹਲਕਿਆਂ ਤੋਂ ਹਾਰਾਂ ਝੱਲਦਿਆਂ, ਪ੍ਰੋ. ਚੰਦੂਮਾਜਰਾ ਹੁਣ ਅਜਿਹੇ ਹਲਕੇ ’ਚ ਆ ਪੁੱਜੇ ਹਨ, ਜੋ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੈਂਦਾ ਹੈ। ਘਨੌਰ ਦੇ ਲੋਕ ਤਾਂ ਚੰਦੂਮਾਜਰਾ ਨੂੰ ਐਤਕੀਂ ਪੰਜਾਬ ਦੀ ਹੱਦ ਤੋਂ ਪਾਰ ਹਰਿਆਣਾ ਤੱਕ ਛੱਡ ਕੇ ਆਓਣਗੇ। ਇਸ ਕਰਕੇ ਚੰਦੂਮਾਜਰਾ ਨੂੰ ਚਾਹੀਦਾ ਹੈ ਕਿ ਉਹ ਅਗਾਮੀਂ ਚੋਣਾ ਲਈ ਹੁਣੇ ਤੋਂ ਹਰਿਆਣਾ ’ਚ ਹੀ ਕੋਈ ਹਲਕਾ ਲੱੱਭ ਲੈਣ। ਸ੍ਰੀ ਜਲਾਲਪੁਰ ਨੇ ਕਿਹਾ ਕਿ 37 ਸਾਲਾ ਪਹਿਲਾਂ ਸਾਲ 1985 ’ਚ ਵੀ ਡਕਾਲਾ ਹਲਕੇ ਦੇ ਲੋਕਾਂ ਨੇ ਇਸ ਕਰਕੇ ਵਿਧਾਇਕ ਬਣਾ ਦਿੱਤਾ ਸੀ ਕਿ ਲੋਕਾਂ ਉਸ ਦੀ ਅਸਲੀਅਤ ਨਹੀਂ ਸੀ ਪਤਾ ਪਰ ਹੁਣ ਲੋਕ ਉਸ ਬਾਰੇ ਸਾਰਾ ਕੁਝ ਭਲੀ ਭਾਂਤ ਜਾਣ ਚੁੱਕੇ ਹਨ ਕਿ ਉਹ ਤਾਂ ਪਾਰਟੀ ਨੂੰ ਵੀ ਆਪਣੇ ਹਿਤਾਂ ਦੀਖਾਤਰ ਹੀ ਵਰਤਦਾ ਹੈ। ਜਲਾਲਪੁਰ ਨੇ ਹੋਰ ਕਿਹਾ ਕਿ ਅਕਾਲੀ ਦਲ ਵਿਚਲੀ ਫੁੱਟ ਦਾ ਫਾਇਦਾ ਉਠਾਉਂਦਿਆਂ, ਚੰਦੂਮਾਜਰਾ ਭਾਵੇਂ ਕਿ ਐਤਕੀਂ ਪੁੱੱਤ ਦੇ ਨਾਲ਼-ਨਾਲ਼ ਖੁਦ ਵੀ ਟਿਕਟ ਲੈਣ ’ਚ ਸਫ਼ਲ ਰਹੇ ਹਨ, ਪਰ ਹਾਲਾਤ ਇਹ ਹਨ ਕਿ ਅੰਦਰੂਨੀ ਤੌਰ ’ਤੇ ਅਕਾਲੀ ਲੀਡਰਸ਼ਿਪ ਨੇ ਵੀ ਆਪਣੇ ਵਰਕਰਾਂ ਨੂੰ ਇਸ਼ਾਰਾ ਕੀਤਾ ਹੋਇਆ ਹੈ ਕਿ ਉਹ ਚੰਦੂਮਾਜਰਾ ਨੂੰ ਅਜਿਹੀ ਕਰਾਰੀ ਹਾਰ ਦੇਣ ਤਾਂ ਜੋ ਇਹ ਸ਼ਖ਼ਸ ਅੱਗੇ ਤੋਂ ਟਿਕਟ ਮੰਗਣ ਦੀ ਹਿੰਮਤ ਹੀ ਨਾ ਕਰ ਸਕੇ।
ਨੂੰਹ ਨੇ ਸਹੁਰੇ ਦੇ ਹੱਕ ਵਿੱਚ ਔਰਤਾਂ ਨੂੰ ਲਾਮਬੰਦ ਕੀਤਾ
ਘਨੌਰ (ਪੱਤਰ ਪ੍ਰੇਰਕ): ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਜੁਟੀ ਉਨ੍ਹਾਂ ਦੀ ਨੂੰਹ ਪਰਨੀਤ ਕੌਰ ਜਲਾਲਪੁਰ ਵੱਲੋਂ ਪਿੰਡ ਬਾਸਮਾਂ, ਜਮੀਤਗੜ੍ਹ ਵਿੱਚ ਔਰਤਾਂ ਦੀ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਜਿਸ ਦੌਰਾਨ ਪਿੰਡ ਬਾਸਮਾਂ ਤੋਂ ਦੋ ਦਰਜਨ ਤੋਂ ਵੱਧ ਅਕਾਲੀ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਗਏ।