ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ
ਮਾਪਿਆਂ, ਅਧਿਆਪਕਾਂ ਅਤੇ ਬੱਸ ਮਾਲਕਾਂ ਤੇ ਚਾਲਕਾਂ ਨੇ ਸਕੂਲ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਭਰ ਵਿੱਚ ਸਕੂਲ ਖੁੱਲ੍ਹਵਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਗਏ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਮਾਪਿਆਂ ਵੱਲੋਂ ਸਕੂਲਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਕਾਰਨ ਬੱਚਿਆਂ ਨੂੰ ਘਰਾਂ ਵਿੱਚ ਨਹੀਂ ਬਿਠਾ ਸਕਦੇ ਅਤੇ ਆਪਣੇ ਪੱਧਰ ਉੱਪਰ ਸਕੂਲ ਛੱਡ ਕੇ ਜਾਣਗੇ। ਉਨ੍ਹਾਂ ਕਿਹਾ ਕਿ ਹੈ ਕਿ ਕਰੋਨਾ ਦਾ ਪ੍ਰਭਾਵ ਘੱਟ ਚੁੱਕਾ ਹੈ। ਸਰਕਾਰ ਵੱਲੋਂ ਖੁਦ ਇੱਕ ਹਜ਼ਾਰ ਤੱਕ ਦੇ ਇਕੱਠ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ਵਿੱਚ ਸਕੂਲ ਬੰਦ ਰੱਖਣ ਦੀ ਕੋਈ ਤੁਕ ਹੀ ਨਹੀਂ ਬਣਦੀ।
ਉਧਰ, ਕੁਝ ਪ੍ਰਦਰਸ਼ਨਕਾਰੀ ਮਾਪਿਆਂ ਨੇ ਕਿਹਾ ਬੱਚੇ ਘਰਾਂ ਵਿਚ ਬੈਠ ਕੇ ਮਾਨਸਿਕ ਰੋਗੀ ਬਣ ਰਹੇ ਹਨ। ਸਕੂਲਾਂ ਨਾਲ ਜੁੜੇ ਬੱਸ ਮਾਲਕਾਂ ਅਤੇ ਚਾਲਕਾਂ ਦਾ ਕਹਿਣਾ ਸੀ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੇ ਮਾਪੇ ਟਰਾਂਸਪੋਰਟ ਫੀਸ ਅਦਾ ਨਹੀਂ ਕਰ ਰਹੇ ਹਨ ਜਿਸ ਕਾਰਨ ਸਕੂਲਾਂ ਨਾਲ ਜੁੜੇ ਟਰਾਂਸਪੋਰਟਰਾਂ ਦੇ ਚੁੱਲ੍ਹੇ ਠੰਢੇ ਹੋਣ ਦੀ ਕਗਾਰ ’ਤੇ ਹਨ।
ਰੋਸ ਹਫ਼ਤਾ ਮਨਾਉਣ ਦਾ ਐਲਾਨ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਬੰਦ ਕੀਤੇ ਸਕੂਲ ਕਾਲਜ ਖੁੱਲ੍ਹਵਾਉਣ ਲਈ 4 ਤੋਂ 10 ਫਰਵਰੀ ਤੱਕ ਰੋਸ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਤਹਿਸੀਲ ਕੇਂਦਰਾਂ ਅਤੇ ਸ਼ਹਿਰੀ ਕਸਬਿਆਂ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਪਿੰਡ ਬਖਸ਼ੀਵਾਲਾ ਤੋਂ ਆਏ ਇਕ ਮਾਪੇ ਜਗਤਾਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਕਰ ਕੇ ਵਿਦਿਆਰਥੀਆਂ ਦਾ ਸਰਵਪੱਖੀ ਸਿੱਖਿਆ ਗ੍ਰਹਿਣ ਦਾ ਹੱਕ ਖੋਹਿਆ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਸੱਦੇ ’ਤੇ ਸਕੂਲ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਸਕੂਲ ਖੁੱਲ੍ਹਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਨੇ ਸ਼ਾਂਤੀਮਈ ਢੰਗ ਨਾਲ ਸਕੱਤਰੇਤ ਵਿਖੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਐੱਸਡੀਐੱਮ ਨੂੰ ਯਾਦ ਪੱਤਰ ਵੀ ਦਿੱਤਾ। ਮੌਕੇ ’ਤੇ ਮੌਜੂਦ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੰਦ ਪਏ ਸਕੂਲਾਂ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਸਕੂਲਾਂ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਰਹੇ ਹਨ।