ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੂਨ
ਖਾਲਿਸਤਾਨ ਦੇ ਮੁੱਦੇ ’ਤੇ 29 ਅਪਰੈਲ ਨੂੰ ਪਟਿਆਲਾ ’ਚ ਦੋ ਫਿਰਕਿਆਂ ਦਰਮਿਆਨ ਵਾਪਰੀ ਟਕਰਾਅ ਦੀ ਘਟਨਾ ਸਬੰਧੀ ਦਰਜ ਕੀਤੇ ਗਏ ਕੇਸ ਅਧੀਨ ਜੇਲ੍ਹ ’ਚ ਬੰਦ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਜਿੰਦਰ ਸਿੰਘ ਪਰਵਾਨਾ ਅਤੇ ਸਾਥੀਆਂ ਦੇ ਨਿਆਂਇਕ ਰਿਮਾਂਡ ’ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਦਿਨ ਦੀ ਘਟਨਾ ਦੇ ਤਹਿਤ ਪਰਵਾਨਾ ਦੇ ਖਿਲਾਫ਼ ਪਟਿਆਲਾ ’ਚ ਇਰਾਦਾ ਕਤਲ ਦੇ ਕੇਸ ਸਮੇਤ ਦੋ ਕੇਸ ਦਰਜ ਕੀਤੇ ਗਏ ਸਨ। ਇਸ ਸਬੰਧੀ ਪਹਿਲਾਂ ਪਰਵਾਨਾ ਸਥਾਨਕ ਪੁਲੀਸ ਕੋਲ਼ ਕਈ ਦਿਨਾਂ ਤੱਕ ਪੁਲੀਸ ਰਿਮਾਂਡ ’ਤੇ ਵੀ ਰਿਹਾ। ਇਸ ਦੌਰਾਨ ਪੁਲੀਸ ਨੇ ਉਸ ਕੋਲ਼ ਖਾਲਿਸਤਾਨ ਪੱਖੀ ਗਤੀਵਿਧੀਆਂ ਲਈ ਵਿਦੇਸ਼ਾਂ ਵਿੱਚੋਂ ਫੰਡ ਦਾ ਹਵਾਲਾ ਵੀ ਦਿੱਤਾ ਸੀ। ਪੁਲੀਸ ਰਿਮਾਂਡ ਮਗਰੋਂ ਪਰਵਾਨਾ ਅਤੇ ਸਾਥੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਪਹਿਲਾ ਜੁਡੀਸ਼ਲ ਰਿਮਾਂਡ ਖਤਮ ਹੋਣ ’ਤੇ ਉਨ੍ਹਾਂ ਨੂੰ ਹੁਣ ਮੁੜ ਪਟਿਆਲਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਅਮਿਤ ਮਲਹਾਣ ਦੀ ਅਗਵਾਈ ਹੇਠਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਪੇਸ਼ੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਪ੍ਰਣਾਲੀ ਜ਼ਰੀਏ ਹੀ ਭੁਗਤਾਈ ਗਈ ਜਿਸ ਦੌਰਾਨ ਪਰਵਾਨਾ ਅਤੇ ਹੋਰਾਂ ਦਾ ਜੁਡੀਸ਼ਲ ਰਿਮਾਂਡ ਦੋ ਹਫਤਿਆਂ ਲਈ ਹੋਰ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਟਕਰਾਅ ਦੀ ਇਸੇ ਹੀ ਘਟਨਾ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਹਰੀਸ਼ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ ਕੁਝ ਹੋਰ ਹਿੰਦੂ ਆਗੂਆਂ ਖਿਲਾਫ਼ ਵੀ ਵੱਖਰੇ ਤੌਰ ’ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਤਹਿਤ ਇਹ ਸ਼ਿਵ ਸੈਨਾ ਆਗੂ ਵੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ’ਚ ਹੀ ਬੰਦ ਹਨ। ਟਕਰਾਅ ਦੀ ਇਹ ਘਟਨਾ ਖਾਲਿਸਤਾਨ ਦੇ ਹੱਕ ਅਤੇ ਖਿਲਾਫ਼ ਮਾਰਚ ਕੱਢਣ ਨੂੰ ਲੈ ਕੇ ਵਾਪਰੀ ਸੀ।