ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਮਾਰਚ
ਪੀਐੱਲਸੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਵਜੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਹਜ਼ਾਰ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਚਿੱਤ ਕੀਤਾ। 13ਵੇਂ ਰਾਊਂਡ ਤੱਕ ਅਜੀਤਪਾਲ ਕੋਹਲੀ ਨੂੰ 47704 ਅਤੇ ਅਮਰਿੰਦਰ ਸਿੰਘ ਨੂੰ 28007 ਵੋਟਾਂ ਮਿਲੀਆਂ, ਜਿਸ ਦੌਰਾਨ ਅਜੀਤਪਾਲ ਕੋਹਲੀ ਦੀ ਲੀਡ 19697 ਰਹੀ। ਇਸ ਤਰ੍ਹਾਂ ਦੋ ਦਹਾਕਿਆਂ ਮਗਰੋਂ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰੀ ਹਲਕੇ ਤੋਂ ਅਮਰਿੰਦਰ ਸਿੰਘ ਦਾ ਕਬਜ਼ਾ ਤੋੜਦਿਆਂ ਪਟਿਆਲਾ ਸ਼ਹਿਰੀ ਹਲਕੇ ਦੇ ਨਵੇਂ ਵਿਧਾਇਕ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਦੋ ਵਾਰ ਐੱਮਪੀ ਅਤੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਛੇ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। 2002,2007, 2012 ਅਤੇ 2017 ਵਿੱਚ ਤਾਂ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਹੀ ਵਿਧਾਇਕ ਬਣੇ ਜਦਕਿ ਸਭ ਤੋਂ ਪਹਿਲੀ ਵਾਰ 1985 ਵਿੱਚ ਉਹ ਤਲਵੰਡੀ ਸਾਬੋ ਅਤੇ 2992 ’ਚ ਸਮਾਣਾ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ 1980 ਵਿੱਚ ਉਹ ਪਟਿਆਲਾ ਲੋਕ ਸਭਾ ਹਲਕੇ ਤੋਂ ਅਤੇ 2014 ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐੱਮਪੀ ਬਣੇ। ਪਟਿਆਲਾ ਸ਼ਹਿਰੀ ਹਲਕੇ ਦੇ ਨਵੇਂ ਵਿਧਾਇਕ ਬਣੇ ਅਜੀਤਪਾਲ ਸਿੰਘ ਕੋਹਲੀ ਦੇ ਦਾਦਾ ਸਰਦਾਰਾ ਸਿੰਘ ਕੋਹਲੀ 1967 ਪਟਿਆਲਾ ਦੇ ਪਹਿਲੇ ਵਿਧਾਇਕ ਬਣੇ ਸਨ, ਜਿਸ ਦੌਰਾਨ ਉਹ ਪਟਿਆਲਾ ਦੇ ਪਹਿਲੇ ਵਜ਼ੀਰ ਵੀ ਬਣੇ। ਸਰਦਾਰਾ ਸਿੰਘ ਕੋਹਲੀ ਨੇ ਇਸ ਤੋਂ ਬਾਅਦ ਦੋ ਵੀ ਚੋਣ ਜਿੱਤੀ। ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਵੀ 1997 ਵਿੱਚ ਕਾਂਗਰਸ ਦੇ ਬ੍ਰਹਮ ਮਹਿੰਦਰਾ ਨੂੰ ਹਰਾ ਕੇ ਵਿਧਾਇਕ ਅਤੇ ਫੇਰ ਮੰਤਰੀ ਬਣੇ ਸਨ। ਉਂਝ ਇਸ ਮਗਰੋਂ ਸੁਰਜੀਤ ਸਿੰਘ ਕੋਹਲੀ, ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ ਸਨ ਪਰ ਕੋਹਲੀ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਫ਼ਰਜ਼ੰਦ ਦਾ ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਆਪਣੇ ਪਿਤਾ ਦੀ ਹਾਰ ਦਾ ਬਦਲਾ ਲੈ ਲਿਆ ਹੈ।
ਅਜੀਤਪਾਲ ਕੋਹਲੀ ਪਟਿਆਲਾ ਦੇ ਦੂਜੇ ਅਤੇ ਅਕਾਲੀ ਦਲ ਦੇ ਪਹਿਲੇ ਮੇਅਰ ਹੋਣ ਦਾ ਮਾਣ ਵੀ ਰੱਖਦੇ ਹਨ। ਉਹ ਸਾਲ 2007 ਵਿਚ ਮੇਅਰ ਬਣੇ ਸਨ। ਅਜੀਤਪਾਲ ਕੋਹਲੀ ਦੀ ਵਿੱਦਿਅਕ ਯੋਗਤਾ ਐਮਏ ਇੰਗਲਿਸ਼ ਹੈ ਉਹ ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਿਸ ਤੋਂ ਤੁਰੰਤ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ।