ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 10 ਅਕਤੂਬਰ
ਇਸ ਖੇਤਰ ਵਿੱਚੋਂ ਗੁਜਰਦੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਪਿੰਡ ਚਮਾਰੂ ਵਾਲੇ ਫਲਾਈਓਵਰ ਅਤੇ ਮਦਨਪੁਰ ਚਲਹੇੜੀ ਨੇੜਲੇ ਐੱਸਵਾਈਐੱਲ ਦੇ ਪੁਲ ਨੇੜੇ ਸਲਿਪ ਰੋਡ ਵਿੱਚ ਪਏ ਡੂੰਘੇ ਪਾੜ ਵਾਹਨ ਚਾਲਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਚਮਾਰੂ ਵਾਲੇ ਫਲਾਈਓਵਰ ’ਤੇ ਅੱਪ ਸਾਈਡ ਰਾਜਪੁਰਾ ਵੱਲ ਨੂੰ ਜਾਣ ਵਾਲੀ ਸੜਕ ’ਤੇ ਇੱਕ ਹਿੱਸਾ ਸੜਕ ਕਈ ਮੀਟਰ ਦੂਰ ਤੱਕ ਕਈ ਕਈ ਇੰਚ ਧੱਸ ਗਈ ਹੈ। ਜੋ ਵਾਹਨ ਚਾਲਕਾਂ ਲਈ ਦਿੱਕਤਾਂ ਦਾ ਕਾਰਨ ਬਣ ਰਹੀ ਹੈ। ਇਸ ਤੋਂ ਇਲਾਵਾ ਪੁਲ ਦੇ ਦੋਵੇਂ ਪਾਸੇ ਵੱਡੇ ਵੱਡੇ ਪਾੜ ਪੈ ਰਹੇ ਹਨ। ਜਦੋਂਕਿ ਆਮ ਰਾਹਗੀਰਾਂ ਲਈ ਬਣਾਈ ਗਈ ਸਲਿੱਪ ਰੋਡ ’ਤੇ ਪਿੰਡ ਮਦਨਪੁਰ ਚਲਹੇੜੀ ਨੇੜਲੇ ਐੱਸ.ਵਾਈ.ਐੱਲ ਦੇ ਪੁਲ ਕੋਲ ਸੜਕ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਕਰੀਬ 12-13 ਫੁੱਟ ਡੂੰਘਾ ਬਣਿਆ ਪਾੜ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਪਾੜ ਨੂੰ ਬੰਦ ਕਰਨ ਦੀ ਬਜਾਏ ਸਬੰਧਤ ਅਧਿਕਾਰੀਆਂ ਵੱਲੋਂ ਸੜਕ ’ਤੇ ਇੱਕ ਬੈਰੀਕੇਟ ਲਗਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਧਰ, ਸੜਕ ਦੀ ਖਸਤਾ ਹਾਲਤ ਤੋਂ ਐੱਨਐੱਚਏਆਈ ਦੇ ਅਧਿਕਾਰੀ ਬੇਖ਼ਬਰ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਸਬੰਧਤ ਉੱਚ ਅਧਿਕਾਰੀ ਆਸ਼ਿਨ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਚਮਾਰੂ ਵਾਲੇ ਫਲਾਈਓਵਰ ਦੀ ਧਸੀ ਹੋਈ ਸੜਕ ਬਾਰੇ ਜਾਣਕਾਰੀ ਨਹੀਂ ਹੈ। ਜਲਦੀ ਹੀ ਚਮਾਰੂ ਵਾਲੇ ਫਲਾਈਓਵਰ ’ਤੇ ਧਸੀ ਸੜਕ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਲਦੀ ਹੀ ਸਲਿਪ ਰੋਡ ਸਮੇਤ ਸੜਕ ਵਿੱਚ ਬਣੇ ਹੋਏ ਪਾੜ ਬੰਦ ਕਰਵਾ ਦਿੱਤੇ ਜਾਣਗੇ।