ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਕਤੂਬਰ
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਅਧਿਕਾਰੀਆਂ, ਤਹਿਸੀਲਦਾਰਾਂ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ, ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਖਰੀਦ ਕਾਰਜਾਂ ਦੀ ਸਮੀਖਿਆ ਕੀਤੀ ਜਿਸ ਦੌਰਾਨ ਮੰਡੀਆਂ ’ਚ ਵਿਕਣ ਲਈ ਲਿਆਂਦੀ ਜਾਣ ਵਾਲ਼ੀ ਫਸਲ ’ਚ ਨਮੀ (ਸਿੱਲ੍ਹ) ਦੀ ਮਾਤਰਾ ਤੈਅ ਮਿਆਰਾਂ ਤੋਂ ਜ਼ਿਆਦਾ ਨਾ ਹੋਣ ਦੇਣ ਦਾ ਖ਼ਾਸ ਖ਼ਿਆਲ ਰੱਖਣ ਲਈ ਵੀ ਆਖਿਆ ਗਿਆ।
ਉਨ੍ਹਾਂ ਕਿਹਾ ਕਿ ਕਿਉਂਕਿ ਰਾਤ ਨੂੰ ਹਾਰਵੈਸਟਰ ਕੰਬਾਈਨਾਂ ਦੇ ਕੰਮ ਨਾ ਕਰਨ ’ਤੇ ਪਹਿਲਾਂ ਹੀ ਮਨਾਹੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉ ਸਮੇਤ ਕਿਸਾਨਾਂ ਨੂੰ ਨਮੀ ਸਬੰਧੀ ਵੀ ਜਾਗਰੂਕ ਕਰਕੇ ਇਸ ਦੀ ਮਾਤਰਾ ਦੇ ਨਿਸ਼ਚਿਤ ਮਿਆਰਾਂ ਅਨੁਸਾਰ ਹੀ ਉਪਜ ਦੀ ਆਮਦ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੌਸਮ ਵਿੱਚ ਤਬਦੀਲੀਆਂ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦੇ ਮੱਦੇਨਜ਼ਰ ਨਮੀ ਦੀ ਮਾਤਰਾ ਵੀ ਵਧੇਗੀ। ਇਸ ਲਈ ਜਾਗਰੂਕਤਾ ਜ਼ਰੂਰੀ ਹੈ।
ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ ਖਰੀਦ ਦੀ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ, ਡੀ.ਐਫ.ਐਸ.ਸੀ. ਮੇਜਰ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਹੁਣ ਤੱਕ 3.06 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦੋਂ ਕਿ 93 ਪ੍ਰਤੀਸ਼ਤ ਫ਼ਸਲ ਦੀ ਖਰੀਦ ਉਪਰੰਤ ਲਿਫਟਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਨੇ 89 ਪ੍ਰਤੀਸ਼ਤ ਭੁਗਤਾਨ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਦਿਨਾਂ ਵਿੱਚ ਸੀਜ਼ਨ ਦੇ ਸਿਖ਼ਰ ਦੇ ਮੱਦੇਨਜ਼ਰ ਮੰਡੀਆਂ ’ਚ ਆਮਦ ਦੀ ਤੇਜ਼ੀ ਨੂੰ ਮੁੱਖ ਰੱਖਦੇ ਹੋਏ ਢੁਕਵੇਂ ਪ੍ਰਬੰਧ ਅਤੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ, ਕਿਉਂਕਿ ਅਜੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 23 ਪ੍ਰਤੀਸ਼ਤ ਆਮਦ ਹੀ ਦਰਜ ਕੀਤੀ ਗਈ ਹੈ। ਉਨ੍ਹਾਂ ਦੂਜੇ ਰਾਜਾਂ ਤੋਂ ਝੋਨੇ ਦੀ ਆਮਦ ਨੂੰ ਰੋਕਣ ਲਈ ਨਿਯੁਕਤ ਕੀਤੇ ਗਏ 9 ਉਡਣ ਦਸਤਿਆਂ ਦੇ ਕੰਮ ਦੀ ਸਮੀਖਿਆ ਵੀ ਕੀਤੀ। ਡੀ.ਐਫ.ਐਸ.ਸੀ. ਮੇਜਰ ਕੰਗ ਨੇ ਦੱਸਿਆ ਕਿ ਹੁਣ ਤੱਕ ਇਨ੍ਹਾਂ ਫਲਾਇੰਗ ਸਕੁਐਡਜ਼ ਦੁਆਰਾ 2053 ਵਾਹਨਾਂ ਦੀ ਜਾਂਚ ਕੀਤੀ ਗਈ ਹੈ ਜਿਸ ਸਬੰਧੀ ਪੰਜ ਕੇਸ ਵੀ ਦਰਜ ਕੀਤੇ ਗਏ ਹਨ। ਜ਼ਿਲ੍ਹਾ ਮੰਡੀ ਅਤੇ ਇਨਫੋਰਸਮੈਂਟ ਅਫ਼ਸਰ ਅਜੇਪਾਲ ਸਿੰਘ ਬਰਾੜ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਜੀਰੀ ਦੀਆਂ ਸਿਰਫ਼ ਉਨ੍ਹਾਂ ਟਰਾਲੀਆਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ, ਜੋ ਨਮੀ ਦੇ ਤੈਅ ਮਿਆਰਾਂ ਵਿੱਚ ਆਉਣਗੀਆਂ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਫੋਟੋ;ਭੰਗੂ