ਪੱਤਰ ਪ੍ਰੇਰਕ
ਸਮਾਣਾ, 12 ਸਤੰਬਰ
ਪਿੰਡ ਗਾਜੇਵਾਸ ਵਿਖੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਸਦਰ ਪੁਲੀਸ ਨੇ ਪਰਿਵਾਰ ਦੇ ਹੀ ਇਕ ਲੜਕੇ ਨੂੰ ਚਾਂਦੀ ਦੇ ਗਹਿਣਿਆਂ ਤੇ 90 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ। ਗਾਜੇਵਾਸ ਪੁਲੀਸ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਪਿੰਡ ਗਾਜੇਵਾਸ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 9 ਸਤੰਬਰ ਨੂੰ ਉਸ ਦੀ ਘਰਵਾਲੀ ਨੇ ਘਰ ਵਿਚ ਪਈ ਜਦੋਂ ਪੇਟੀ ਖੋਲ੍ਹੀ ਤਾਂ ਉਸ ਵਿੱਚ ਰੱਖੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਗਾਇਬ ਸਨ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਹੈ। ਉਸ ਨੇ ਆਪਣੇ ਲੜਕੇ ਤੇ ਉਸ ਦੇ ਦੋਸਤਾਂ ’ਤੇ ਚੋਰੀ ਸ਼ੱਕ ਜਤਾਇਆ।
ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਅਨੁਸਾਰ ਮੁਲਜ਼ਮ ਸੰਦੀਪ ਸਿੰਘ ਉਰਫ ਗੱਗੀ ਨੂੰ ਪਿੰਡ ਨਮਾਦਾ ਨੇੜਿਓਂ ਹਿਰਾਸਤ ਵਿਚ ਲੈ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚੋਰੀ ਕੀਤੇ ਗਏ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 90 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਮੁਲਜ਼ਮ ਖਿਲਾਫ਼ ਪਹਿਲਾਂ ਤੋਂ ਦਰਜ ਮਾਮਲੇ ਵਿੱਚ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਦਾ ਵਾਧਾ ਕਰਕੇ ਕੇਸ ਦਰਜ ਕਰ ਲਿਆ ਹੈ। ਸੋਨੇ ਦੇ ਗਾਇਬ ਗਹਿਣਿਆਂ ਸਬੰਧੀ ਜਾਂਚ ਸ਼ੁਰੂ ਕੀਤੀ ਹੈ।