ਗੁਰਨਾਮ ਸਿੰਘ ਚੌਹਾਨ/ਸ਼ਹਬਿਾਜ਼ ਸਿੰਘ
ਪਾਤੜਾਂ/ਘੱਗਾ, 27 ਜਨਵਰੀ
ਪਿੰਡ ਕਲਵਾਨੂੰ ਵਿੱਚ ਆਪਣੇ ਖੇਤਾਂ ਨੂੰ ਪੱਧਰਾ ਕਰਨ ਲਈ ਮਿੱਟੀ ਚੁੱਕ ਰਹੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਆਏ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਨੇ ਘਿਰਾਓ ਕੀਤਾ। ਇਸ ਦੌਰਾਨ ਟੀਮ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਵੱਲੋਂ ਆਪਣੀ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਾ ਕਰਨ ਲਈ ਮਿੱਟੀ ਚੁੱਕੀ ਜਾ ਰਹੀ ਸੀ ਜਿਸ ਖ਼ਿਲਾਫ਼ ਕਾਰਵਾਈ ਕਰਨ ਲਈ ਮਾਈਨਿੰਗ ਮਹਿਕਮੇ ਦੇ ਅਧਿਕਾਰੀ ਮੌਕੇ ’ਤੇ ਖੇਤ ਵਿੱਚ ਪਹੁੰਚ ਗਏ ਅਤੇ ਕੰਮ ਬੰਦ ਕਰਕੇ ਵਿਭਾਗੀ ਮਨਜ਼ੂਰੀ ਲੈਣ ਲਈ ਕਿਹਾ ਜਿਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਮਾਈਨਿੰਗ ਵਿਭਾਗ ਦੀ ਟੀਮ ਦਾ ਖੇਤ ਵਿੱਚ ਹੀ ਘਿਰਾਓ ਕਰ ਲਿਆ। ਉਨ੍ਹਾਂ ਦੱਸਿਆ ਕਿ ਗ਼ਰੀਬ ਕਿਸਾਨ ਸਰਕਾਰੀ ਸ਼ਰਤਾਂ ਪੂਰੀਆਂ ਕਰਕੇ ਫੀਸਾਂ ਭਰਨ ਦਾ ਖਰਚਾ ਨਹੀਂ ਕਰ ਸਕਦੇ।
ਮਾਈਨਿੰਗ ਇੰਸਪੈਕਟਰ ਰੁਕਵਿੰਦਰ ਸਿੰਘ ਅਤੇ ਗੁਲਸ਼ਨ ਠੁਕਰਾਲ ਨੇ ਦੱਸਿਆ ਕਿ ਉਹ ਸ਼ਿਕਾਇਤ ਦੇ ਆਧਾਰ ‘ਤੇ ਖੇਤ ਦਾ ਮੁਆਇਨਾ ਕਰਨ ਆਏ ਸਨ ਅਤੇ ਉਨ੍ਹਾਂ ਨੇ ਮੌਕੇ ’ਤੇ ਕੰਮ ਕਰ ਰਹੇ ਕਿਸਾਨਾਂ ਨੂੰ ਮਨਜ਼ੂਰੀ ਲੈ ਕੇ ਕੰਮ ਕਰ ਕਰਨ ਲਈ ਕਿਹਾ ਸੀ ਜਿਸ ਤੋਂ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ ਗਿਆ।
ਮੌਕੇ ’ਤੇ ਪਹੁੰਚੇ ਥਾਣਾ ਘੱਗਾ ਦੇ ਮੁਖੀ ਸਬ ਇੰਸਪੈਕਟਰ ਸੁਰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਅਤੇ ਅਧਿਕਾਰੀਆਂ ਦਾ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਹੈ। ਮਾਈਨਿੰਗ ਮਹਿਕਮੇ ਵੱਲੋਂ ਸਬੰਧਤ ਕਿਸਾਨਾਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।